ਲੁਧਿਆਣਾ: ਬੈਂਕ ਵਿੱਚ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਜਿੱਥੇ ਕਰੋੜਾਂ ਰੁਪਏ ਕੈਸ਼ ਵੱਖ-ਵੱਖ ਮੁਲਜ਼ਮਾਂ ਤੋਂ ਬਰਾਮਦ ਕੀਤਾ ਹੈ ਉੱਥੇ ਹੀ ਪੁਲਿਸ ਨੇ ਮਾਮਲੇ ਦੀਆਂ ਪਰਤਾਂ ਵੀ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਕੈਸ਼ ਵੈਨ ਨੂੰ ਲੁੱਟਣ ਦੀ ਯੋਜਨਾ ਮਨਜਿੰਦਰ ਸਿੰਘ ਅਤੇ ਮਨਦੀਪ ਕੌਰ ਨੇ ਰਲ ਕੇ ਬਣਾਈ ਸੀ ਅਤੇ ਉਹ ਇਹ ਕੈਸ਼ ਲੈਕੇ ਵਿਦੇਸ਼ ਫਰਾਰ ਹੋਣ ਦੀ ਫਿਰਾਕ ਵਿੱਚ ਸਨ। ਮਨਦੀਪ ਕੌਰ ਲੁਧਿਆਣਾ ਦੇ ਕਸਬਾ ਡੇਹਲੋਂ ਦੀ ਰਹਿਣ ਵਾਲੀ ਹੈ ਜੋ ਕਿ ਬਰਨਾਲਾ ਦੇ ਜਸਵਿੰਦਰ ਸਿੰਘ ਦੇ ਨਾਲ ਵਿਆਹੀ ਹੋਈ ਹੈ ਅਤੇ ਮੁਲਜ਼ਮ ਮਨਦੀਪ ਕੌਰ ਹਾਲੇ ਵੀ ਫਰਾਰ ਹੈ। ਲੁਧਿਆਣਾ ਪੁਲਿਸ ਕਮਿਸ਼ਨਰ ਨੇ ਕਿਹਾ ਹੈ ਕਿ ਇਨ੍ਹਾਂ ਦੇ ਖ਼ਿਲਾਫ਼ ਐਲ ਓ ਸੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਮਾਸਟਰਮਾਇੰਡ ਮਨਦੀਪ ਕੌਰ ਕੌਣ ਹੈ ?ਦੱਸ ਦਈਏ ਮਨਦੀਪ ਕੌਰ ਪਿੰਡ ਡੇਹਲੋਂ ਜਿਲ੍ਹਾ ਲੁਧਿਆਣਾ ਦੀ ਹੈ ਜੋ ਬਰਨਾਲਾ ਵਿਖੇ ਵਿਆਹੀ ਹੋਈ ਸੀ। ਮਨਦੀਪ ਦਾ ਭਰਾ ਵੀ ਇਸੇ ਘਰ ਵਿੱਚ ਰਹਿੰਦਾ ਸੀ ਪਰ ਇਸ ਮਾਮਲੇ ਉੱਤੇ ਕੋਈ ਬੋਲਣ ਲਈ ਤਿਆਰ ਨਹੀਂ ਹੈ। ਉੱਥੇ ਲੁਧਿਆਣਾ ਪੁਲਿਸ ਵੱਲੋਂ ਬਰਨਾਲਾ ਦੇ ਇੱਕ ਨੌਜਵਾਨ ਨੂੰ ਇਸ ਕੇਸ ਵਿੱਚ ਨਾਮਜ਼ਦ ਵੀ ਕੀਤਾ ਗਿਆ ਹੈ, ਜਿਸਦੇ ਘਰ ਤੋਂ ਲੁੱਟ ਸਮੇਂ ਵਰਤੀ ਗਈ ਕਾਰ ਵੀ ਬਰਾਮਦ ਹੋਈ ਹੈ। ਪੁਲਿਸ ਵਲੋਂ ਨੌਜਵਾਨ ਅਰੁਣ ਦੇ ਪਿਤਾ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ। ਪਰਿਵਾਰ ਅਨੁਸਾਰ ਅਰੁਣ ਆਈਲੈਟਸ ਦੀ ਪੜ੍ਹਾਈ ਕਰ ਰਿਹਾ ਸੀ। ਬੀਤੇ ਦਿਨੀਂ ਉਹਨਾਂ ਦੇ ਘਰ ਅਰੁਣ ਦਾ ਦੋਸਤ ਕਾਰ ਖੜਾਉਣ ਆਇਆ ਸੀ ਅਤੇ ਅਰੁਣ ਅਤੇ ਉਸਦੇ ਦੋਸਤ ਹਰਿਦੁਆਰ ਜਾਣਾ ਕਹਿ ਕੇ ਚਲੇ ਗਏ। ਪਰਿਵਾਰ ਆਪਣੇ ਪੁੱਤ ਨੂੰ ਨਿਰਦੋਸ਼ ਦੱਸ ਰਿਹਾ ਹੈ। ਇਸ ਵੱਡੀ ਲੁੱਟ ਦੀਆਂ ਤਾਰਾਂ ਬਰਨਾਲਾ ਸ਼ਹਿਰ ਨਾਲ ਜੁੜਨ ਤੇ ਸ਼ਹਿਰ ਵਾਸੀਆਂ ਵਿੱਚ ਪੂਰੀ ਚਰਚਾ ਛਿੜੀ ਹੋਈ ਹੈ। ਹਰ ਕੋਈ ਇਸ ਗੱਲ ਤੇ ਹੈਰਾਨ ਹੋ ਰਿਹਾ ਹੈੇ।
ਮਾਸਟਰਮਾਇੰਡ ਦਾ ਪਲਾਨ:ਪੁਲਿਸ ਮੁਤਾਬਿਕ ਕਰੋੜਾਂ ਦੀ ਲੁੱਟ ਦੀ ਸਾਜ਼ਿਸ਼ਮਨਦੀਪ ਕੌਰ ਅਤੇ ਮਨਜਿੰਦਰ ਸਿੰਘ ਨੇ ਰਚੀ ਸੀ। ਮਨਜਿੰਦਰ 4 ਸਾਲ ਤੋਂ ਕਿਸੇ ਕੰਪਨੀ ਨਾਲ ਕੰਮ ਕਰ ਰਿਹਾ ਸੀ। ਲੁਧਿਆਣਾ ਪੁਲਿਸ ਕਮਿਸ਼ਨਰ ਨੇ ਮਨਜਿੰਦਰ ਅਤੇ ਮਨਦੀਪ ਵਿੱਚ ਪ੍ਰੇਮ ਸਬੰਧ ਹੋਣ ਦੀ ਵੀ ਗੱਲ ਆਖੀ ਹੈ। ਪੁਲਿਸ ਮੁਤਾਬਿਕ ਮਨਜਿੰਦਰ ਅਤੇ ਮਨਦੀਪ ਨੇ ਹੀ ਮਿਲ ਕੇ ਚੋਰੀ ਲਈ ਟੀਮ ਤਿਆਰ ਕੀਤੀ ਸੀ। ਦੋਵੇਂ ਜਲਦ ਅਮੀਰ ਹੋਕੇ ਵਿਦੇਸ਼ ਜਾਕੇ ਸੈੱਟਲ ਹੋਣਾ ਚਾਹੁੰਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਲੁੱਟੇ ਗਏ ਕੈਸ਼ ਵਿੱਚੋਂ 5 ਕਰੋੜ ਰੁਪਏ ਬਰਾਮਦ ਕਰ ਲਏ ਗਏ ਨੇ ਪਰ ਵੱਡਾ ਹਿੱਸਾ ਹਾਲੇ ਵੀ ਫਰਾਰ ਚੱਲ ਰਹੀ ਮੁਲਜ਼ਮ ਮਨਦੀਪ ਕੌਰ ਕੋਲ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਮੁਤਾਬਿਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਦੋਵਾਂ ਵੱਲੋਂ ਦੋ ਪਾਰਟੀਆਂ ਬਣਾਈਆਂ ਗਈਆਂ। ਲੁੱਟ ਵਿੱਚ ਮਨਦੀਪ ਦਾ ਪਤੀ, ਉਸ ਦਾ ਭਰਾ, ਉਸ ਦਾ ਪ੍ਰੇਮੀ ਮਨਜਿੰਦਰ ਸ਼ਾਮਿਲ ਸੀ।