ਲੁਧਿਆਣਾ:ਪੰਜਾਬ ਦੇ ਵਿੱਚ ਤੀਜੇ ਮੋਰਚੇ ਦਾ ਗਠਨ ਕਰ ਦਿੱਤਾ ਗਿਆ ਹੈ। ਜਿਸ ਵਿੱਚ ਅਕਾਲੀ ਦਲ ਸੰਯੁਕਤ, ਆਜ਼ਾਦ ਸਮਾਜ ਪਾਰਟੀ ਭੀਮ ਆਰਮੀ ਜਨਤਾ ਦਲ ਯੂਨਾਈਟਡ ਜਨਤਾ ਦਲ ਸੈਕੁਲਰ ਆਦਿ ਪਾਰਟੀਆਂ ਸ਼ਾਮਲ ਹਨ। ਹੁਣ ਤੀਜਾ ਫਰੰਟ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਪੰਜਾਬੀਆਂ ਨੂੰ ਆਜ਼ਾਦ ਕਰਵਾਉਣ ਦੇ ਦਾਅਵੇ ਕਰ ਰਿਹਾ ਹੈ। ਹਾਲਾਂਕਿ ਵਿਧਾਨ ਸਭਾ ਚੋਣਾਂ ਦੌਰਾਨ ਹਰ ਵਾਰ ਤੀਜਾ ਮੋਰਚਾ ਬਣਦਾ ਹੈ। ਪਰ ਜ਼ਿਆਦਾਤਰ ਚੋਣਾਂ ਵਿੱਚ ਫੇਲ੍ਹ ਹੀ ਸਾਬਿਤ ਹੁੰਦਾ ਹੈ। ਕਿਉਂਕਿ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਲੜਾਈ ਰਹਿੰਦੀ ਹੈ। ਪਿਛਲੀ ਵਾਰ ਵੀ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ਼ ਪਾਰਟੀ ਤੀਜਾ ਮੋਰਚਾ ਬਣਾਉਣ ਤੁਰੇ ਸਨ। ਪਰ ਆਪਸੀ ਟਸਲਬਾਜੀ ਅੰਦਰ ਤੀਜਾ ਮੋਰਚਾ ਕਾਮਯਾਬ ਨਹੀਂ ਹੋ ਸਕਿਆ।
ਤੀਜੇ ਮੋਰਚੇ ਦੇ ਮੁੱਖ ਆਗੂ ਅਤੇ ਆਜ਼ਾਦ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਰਾਜੀਵ ਕੁਮਾਰ ਲਵਲੀ ਨਾਲ ਸਾਡੀ ਟੀਮ ਵਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਉਹ ਮੁਫ਼ਤਖੋਰੀ ਦੀ ਰਾਜਨੀਤੀ ਨਹੀਂ ਕਰਨਗੇ। ਸਗੋਂ ਅਸਲ ਪੰਜਾਬ ਦੇ ਮੁੱਦਿਆਂ 'ਤੇ ਹੀ ਚੋਣਾਂ ਲੜਾਂਗੇ। ਸਿਆਸੀ ਪਾਰਟੀਆਂ ਜੋ ਮੁਫ਼ਤ ਸਸਤੀ ਬਿਜਲੀ ਦੇਣ ਦੇ ਦਾਅਵੇ ਕਰ ਰਹੀਆਂ ਹਨ। ਉਹ ਸ਼ਾਇਦ ਪੰਜਾਬ ਦੇ ਆਰਥਿਕ ਹਾਲਾਤਾਂ ਤੋਂ ਵਾਕਿਫ ਨਹੀਂ ਹਨ, ਕਿ ਪੰਜਾਬ ਦੇ ਸਿਰ ਕਿੰਨ੍ਹਾਂ ਕਰਜ਼ਾ ਹੈ।