ਲੁਧਿਆਣਾ :ਪੰਜਾਬ ਸਰਕਾਰ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਅੱਜ ਮੈਂ ਪੰਜਾਬ ਬੋਲਦਾ ਡਿਬੇਟ ਰੱਖੀ ਗਈ ਸੀ, ਜਿਸ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਇਲਾਵਾ ਹੋਰ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਸਟੇਜ ਤੇ ਨਹੀਂ ਪਹੁੰਚਿਆ ਹਾਲਾਂਕਿ ਸੁਨੀਲ ਜਾਖੜ ਦੇ ਇਸ ਡਿਬੇਟ ਵਿੱਚ ਪਹੁੰਚਣ ਦੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਪਰ ਆਖਰ ਮੌਕੇ ਉੱਤੇ ਉਹ ਵੀ ਡਿਬੇਟ ਦਾ ਹਿੱਸਾ ਬਣਨ ਤੋਂ ਮੁਨਕਰ ਹੋ ਗਏ। ਰਾਜਨੀਤਿਕ ਪਾਰਟੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਮੁੱਦਾ ਬਣਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਅੱਜ ਆਪਣੀ ਗੱਲ ਆਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਸੱਤ ਜਿਲ੍ਹਿਆਂ ਦੀ ਪੁਲਿਸ ਆਪਣੇ ਆਲੇ ਦੁਆਲੇ ਲਾ ਰੱਖੀ ਸੀ, ਜਿਸ ਕਰਕੇ ਉਹ ਪੰਜਾਬ ਦੇ ਲੋਕਾਂ ਨੂੰ ਆਪਣੀ ਗੱਲ ਕਹਿ ਸਕਣ।
ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆਪ : ਡਿਬੇਟ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਸਵਾਲ ਖੜੇ ਕੀਤੇ ਹਨ, ਸੁਨੀਲ ਜਾਖੜ ਨੇ ਟਵਿੱਟਰ ਉੱਤੇ ਇੱਕ ਵੀਡੀਓ ਪਾ ਕੇ ਕਿਹਾ ਕਿ ਅੱਜ ਮੈਨੂੰ ਸਤੋਜ ਵਾਲਾ ਭਗਵੰਤ ਮਾਨ ਨਹੀਂ ਵਿਖਾਈ ਦਿੱਤਾ ਅੱਜ ਉਹ ਕੇਜਰੀਵਾਲ ਦਾ ਨੁਮਾਇੰਦਾ ਬਣ ਕੇ ਗੱਲ ਕਰ ਰਿਹਾ ਸੀ। ਉਹਨਾਂ ਕਿਹਾ ਕਿ ਅੱਜ ਮੈਂ ਪੰਜਾਬ ਬੋਲਦਾ ਨਹੀਂ ਸਗੋਂ ਅੱਜ ਭਗਵੰਤ ਮਾਨ ਦਾ ਹੰਕਾਰ ਬੋਲਦਾ ਸੀ, ਸੁਨੀਲ ਜਾਖੜ ਨੇ ਕਿਹਾ ਕਿ ਭਗਵੰਤ ਮਾਨ ਨੇ ਮੇਰੇ ਪਿਤਾ ਬਲਰਾਮ ਜਾਖੜ ਦਾ ਨਾਂ ਲਿਆ। ਉਹਨਾਂ ਕਿਹਾ ਕਿ ਉਹ ਇੰਦਰਾ ਗਾਂਧੀ ਦੇ ਨਾਲ ਹੈਲੀਕਾਪਟਰ ਦੇ ਵਿੱਚ ਸੀ। ਉਹਨਾਂ ਕਿਹਾ ਕਿ ਇਸ ਗੱਲ ਦੀ ਭਗਵੰਤ ਮਾਨ ਮੈਨੂੰ ਕੋਈ ਸਬੂਤ ਦੇਣ ਨਹੀਂ ਤਾਂ ਉਹ ਉਹਨਾਂ ਤੋਂ ਮਾਫੀ ਮੰਗਣ, ਸੁਨੀਲ ਜਾਖੜ ਨੇ ਕਿਹਾ ਕਿ ਮੈਂ ਕਦੇ ਵੀ ਕਿਸੇ ਦੇ ਪਰਿਵਾਰ ਤੇ ਨਿੱਜੀ ਹਮਲਾ ਨਹੀਂ ਕਰਦਾ ਪਰ ਭਗਵੰਤ ਮਾਨ ਨੇ ਅੱਜ ਮੁੜ ਤੋਂ ਬਲਰਾਮ ਜਾਖੜ ਜੀ ਦਾ ਨਾਂ ਲਿਆ। ਸੁਨੀਲ ਜਾਖੜ ਨੇ ਕਿਹਾ ਕਿ ਅਸੀਂ ਇਸ ਦੇ ਖਿਲਾਫ ਅਦਾਲਤ ਦਾ ਰੁੱਖ ਕਰਾਂਗੇ। ਉਹਨਾਂ ਕਿਹਾ ਕਿ ਅੱਜ ਅਸੀਂ ਡਿਬੇਟ ਦੇ ਵਿੱਚ ਕਿਵੇਂ ਆਉਂਦੇ ਐੱਸਵਾਈਐੱਲ ਦੇ ਮੁੱਦੇ ਦੇ ਉਹਨਾਂ ਕਿਹਾ ਕਿ ਪਹਿਲਾਂ ਤਾਂ ਭਗਵੰਤ ਮਾਨ ਇਸ ਮੁੱਦੇ ਤੇ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੇ ਸਨ ਅਤੇ ਅੱਜ ਜਦੋਂ ਕੋਈ ਵਿਰੋਧੀ ਨਹੀਂ ਆਇਆ ਤਾਂ ਉਹਨਾਂ ਨੇ ਐੱਸਵਾਈਐੱਲ ਦਾ ਮੁੱਦਾ ਛੇੜ ਲਿਆ।
ਪੰਜਾਬ ਦੇ ਲੋਕਾਂ ਨਾਲ ਧੋਖਾ :ਉੱਧਰ, ਦੂਜੇ ਪਾਸੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਅੱਜ ਦੀ ਇਸ ਡਿਬੇਟ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਦੱਸਿਆ ਹੈ ਉਹਨਾਂ ਕਿਹਾ ਕਿ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਕਿ ਸਰਕਾਰ ਨੇ ਵਿਰੋਧੀ ਪਾਰਟੀਆਂ ਡਿਬੇਟ ਦੇ ਲਈ ਸੱਦਾ ਦਿੱਤਾ ਹੋਵੇ ਅਤੇ ਸਟੇਜ ਤੇ ਕੋਈ ਵੀ ਪਾਰਟੀ ਦਾ ਲੀਡਰ ਨਾ ਪਹੁੰਚਿਆ ਹੋਵੇ। ਭਗਵੰਤ ਮਾਨ ਆਪਣੀ ਹੀ ਪਾਰਟੀ ਦੀ ਆਪਣੀ ਹੀ ਸਰਕਾਰ ਦੀਆਂ ਉਪਲਬਧੀਆਂ ਗਿਣਵਾ ਕੇ ਚਲਦੇ ਬਣੇ ਹਨ। ਦਲਜੀਤ ਚੀਮਾ ਨੇ ਕਿਹਾ ਕਿ ਇਹ ਕੇਜਰੀਵਾਲ ਦੀ ਸਾਜਿਸ਼ ਹੈ ਕਿ ਅਜਿਹੀ ਡਿਬੇਟ ਕਰਵਾ ਕੇ ਪੰਜਾਬ ਦੀਆਂ ਪਾਰਟੀਆਂ ਨੂੰ ਆਪਸ ਦੇ ਵਿੱਚ ਦਫਾੜ ਕਰਕੇ ਐਸਵਾਈਐੱਲ ਲਈ ਰਾਹ ਪੱਧਰਾ ਕੀਤਾ ਜਾਵੇ। ਦਲਜੀਤ ਚੀਮਾ ਨੇ ਇਸ ਡਿਬੇਟ ਨੂੰ ਅਖੌਤੀ ਡਿਬੇਟ ਦੱਸਿਆ ਹੈ।