ਲੁਧਿਆਣਾ: ਆਖਿਰਕਾਰ ਇੱਕ ਮਹੀਨੇ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਲਗਾਇਆ ਗਿਆ ਕਿਸਾਨਾਂ ਦਾ ਪੱਕਾ ਮੋਰਚਾ ਫਤਿਹ ਹੋ ਗਿਆ ਹੈ। ਖੁਦਕੁਸ਼ੀ ਕਰਨ ਵਾਲੇ ਸ਼ਖ਼ਸ ਦੇ ਪਰਿਵਾਰ ਦੇ ਮੁੜ ਵਸੇਬੇ ਦੇ ਲਈ ਵਪਾਰੀ ਪਰਿਵਾਰ ਵੱਲੋਂ ਉਸ ਨੂੰ 30 ਲੱਖ ਰੁਪਏ ਪ੍ਰਤੀ ਕਿੱਲਾ ਕੀਮਤ ਵਾਲੇ 20 ਕਿੱਲੇ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਸ ਸਬੰਧੀ ਅਸ਼ਟਾਮ ਪੇਪਰ 'ਤੇ ਲਿਖਤੀ ਸਮਝੌਤਾ ਹੋਣ ਤੋਂ ਬਾਅਦ ਅਤੇ ਪੁਲਿਸ ਦੀ ਲਗਾਤਾਰ ਕਿਸਾਨਾਂ ਨਾਲ ਕਰਵਾਈ ਜਾ ਰਹੀ ਵਪਾਰੀਆਂ ਦੀ ਮੀਟਿੰਗ ਤੋਂ ਬਾਅਦ ਆਖਰਕਾਰ ਇਹ ਮਸਲਾ ਹੱਲ ਹੋ ਗਿਆ ਹੈ। ਜਿਸ 'ਚ ਵਿਸ਼ੇਸ਼ ਤੌਰ 'ਤੇ ਏ.ਡੀ.ਜੀ.ਪੀ ਜਸਕਰਨ ਸਿੰਘ ਪਹੁੰਚੇ, ਜਿਨ੍ਹਾਂ ਨੇ ਕਿਸਾਨਾਂ ਦਾ ਇਹ ਪੱਕਾ ਮੋਰਚਾ ਖੁੱਲਵਾਇਆ। ਅੱਜ ਕਿਸਾਨ ਆਪੋ-ਆਪਣੇ ਘਰਾਂ ਨੂੰ ਪਰਤ ਜਾਣਗੇ।
ਪਿਛਲੇ ਇੱਕ ਮਹੀਨੇ ਤੋਂ ਚੱਲ ਰਿਹਾ ਸੀ ਧਰਨਾ: ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਕੋਈ ਵਪਾਰੀਆਂ ਦੇ ਵਿਰੋਧ ਲਈ ਨਹੀਂ ਬੈਠੇ ਸਨ ਪਰ ਜਿਸ ਪਰਿਵਾਰ ਦੇ ਨਾਲ ਧੱਕਾ ਹੋਇਆ ਸੀ, ਉਸ ਨੂੰ ਇਨਸਾਫ਼ ਦਿਵਾਉਣਾ ਜ਼ਰੂਰੀ ਸੀ। ਪਿਛਲੇ ਇੱਕ ਮਹੀਨੇ ਤੋਂ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਕਿਸਾਨ ਪੱਕਾ ਮੋਰਚਾ ਲਗਾਈ ਬੈਠੇ ਸਨ ਅਤੇ ਦੋ ਕਿਸਾਨਾਂ ਵੱਲੋਂ ਮਰਨ ਵਰਤ ਵੀ ਰੱਖ ਲਿਆ ਗਿਆ ਸੀ। ਆਖਿਰਕਾਰ ਪੁਲਿਸ ਦੀ ਦਖਲਅੰਦਾਜ਼ੀ ਅਤੇ ਵਪਾਰੀ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਦੋਵਾਂ ਧਿਰਾਂ ਦੇ ਵਿੱਚ ਸਮਝੌਤਾ ਹੋਇਆ ਹੈ। ਜਿਸ ਤੋਂ ਬਾਅਦ ਕਿਸਾਨ ਹੁਣ ਆਪੋ ਆਪਣੇ ਘਰਾਂ ਨੂੰ ਪਰਤ ਜਾਣਗੇ।