ਲੁਧਿਆਣਾ: ਮਿੰਨੀ ਓਲੰਪਿਕ ਕਹਾਏ ਜਾਣ ਵਾਲੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਆਪਸੀ ਵਿਵਾਦ ਦੀ ਭੇਂਟ ਚੜ੍ਹ ਗਈਆਂ ਹਨ ਅਤੇ ਇਹ ਵਿਵਾਦ ਕਿਸੇ ਹੋਰ ਵਿੱਚ ਨਹੀਂ ਸਗੋਂ ਦੋ ਭਰਾਵਾਂ ਵਿੱਚ ਹੀ ਹੈ ਜਿਸ ਕਾਰਨ ਬੀਤੇ ਦੋ ਸਾਲਾਂ ਤੋਂ ਕਿਲ੍ਹਾ ਰਾਏਪੁਰ ਵਿਖੇ ਖੇਡਾਂ ਨਹੀਂ ਹੋ ਸਕੀਆਂ।
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਚੜ੍ਹੀਆਂ ਵਿਵਾਦ ਦੀ ਭੇਂਟ ਬੀਤੇ ਸਾਲ ਵੀ ਖੇਡਾਂ ਵਿਵਾਦ ਦੇ ਚੱਲਦਿਆਂ ਰੁਕ ਗਈਆਂ ਸਨ ਤੇ ਇਸ ਸਾਲ ਵੀ ਖੇਡਾਂ ਸ਼ੁਰੂ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਪੁਲਿਸ ਨੇ ਫੋਨ ਕਰਕੇ ਖੇਡਾਂ ਰੋਕਣ ਦਾ ਹੁਕਮ ਜਾਰੀ ਕਰ ਦਿੱਤਾ। ਇਸ ਤੋਂ ਇਲਾਵਾ ਸਟੇਡੀਅਮ ਦੇ ਬਾਹਰ ਵੱਡੀ ਤਾਦਾਦ ਵਿੱਚ ਪੁਲਿਸ ਫੋਰਸ ਵੀ ਤੈਨਾਤ ਕਰ ਦਿੱਤੀ ਗਈ।
ਦਰਅਸਲ ਕਿਲ੍ਹਾ ਰਾਏਪੁਰ ਦੇ ਵਿੱਚ ਬੀਤੇ ਕਈ ਸਾਲਾਂ ਤੋਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਵੱਲੋਂ ਖੇਡਾਂ ਕਰਵਾਈਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਕਿਲ੍ਹਾ ਰਾਏਪੁਰ ਸਪੋਰਟਸ ਐਸੋਸੀਏਸ਼ਨ ਅਤੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਵਿੱਚ ਵਿਵਾਦ ਸ਼ੁਰੂ ਹੋ ਗਿਆ।
ਇਹ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਜਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਕਿਲ੍ਹਾ ਰਾਏਪੁਰ ਸਪੋਰਟਸ ਐਸੋਸੀਏਸ਼ਨ ਦੇ ਹੱਕ ਵਿੱਚ ਸੁਣਾਇਆ ਪਰ ਗਰੇਵਾਲ ਸਪੋਰਟਸ ਐਸੋਸੀਏਸ਼ਨ ਵੱਲੋਂ ਮੁੜ ਤੋਂ ਇਨ੍ਹਾਂ ਖੇਡਾਂ ਉੱਤੇ ਸਟੇਅ ਲੈ ਲਿਆ ਗਿਆ।
ਬੀਤੇ ਸਾਲ ਇਹ ਖੇਡਾਂ ਤੇ ਰੋਕ ਲੱਗ ਗਈ ਅਤੇ ਇਸ ਵਾਰ ਮੁੜ ਤੋਂ ਗਰੇਵਾਲ ਸਪੋਰਟਸ ਐਸੋਸੀਏਸ਼ਨ ਵੱਲੋਂ ਇਸ ਉੱਤੇ ਰੋਕ ਲਗਾ ਦਿੱਤੀ ਗਈ।