ਖੰਨਾ/ਲੁਧਿਆਣਾ:ਪੰਜਾਬ ਸਰਕਾਰ ਵਲੋਂ ਬੇਸ਼ੱਕ ਭ੍ਰਿਸ਼ਟਾਚਾਰੀ ਅਤੇ ਫਰਜ਼ੀ ਕੰਮਾਂ ਰੋਕਣ ਦੇ ਯਤਨ ਕੀਤੇ ਜਾਂਦੇ ਨੇ ਪਰ ਕਈ ਵਿਭਾਗਾਂ 'ਚ ਹਾਲੇ ਵੀ ਇੰਨ੍ਹਾਂ ਫਰਜ਼ੀ ਕੰਮਾਂ ਨਾਲ ਲਗਾਤਾਰ ਲੋਕਾਂ ਦੀ ਜੇਬ੍ਹ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਇਸ ਦੇ ਚੱਲਦੇ ਖੰਨਾ 'ਚ SDM ਸਵਾਤੀ ਟਿਵਾਣਾ ਨੇ ਵੱਡੀ ਕਾਰਵਾਈ ਕਰਦੇ ਹੋਏ ਜਾਅਲੀ ਰਜਿਸਟਰੀਆਂ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਦੇ ਕੁਝ ਮੈਂਬਰਾਂ ਨੂੰ ਦਫਤਰ ਬੁਲਾ ਕੇ ਪੁਲਿਸ ਹਵਾਲੇ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਪਹਿਲੇ ਪੜਾਅ ਵਿੱਚ ਦੋ ਰਜਿਸਟਰੀਆਂ ਫਰਜ਼ੀ ਨਿਕਲੀਆਂ ਹਨ। ਇਸ ਗਿਰੋਹ ਦੇ ਮੈਂਬਰ ਜਿੰਨੀਆਂ ਰਜਿਸਟਰੀਆਂ ਵਿੱਚ ਸ਼ਾਮਲ ਹਨ, ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕ ਵਿਅਕਤੀ ਦੀ ਕੀਤੀ ਜਾਅਲੀ ਰਜਿਸਟਰੀ:ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਖੰਨਾ ਦੇ ਰਹਿਣ ਵਾਲੇ ਸਰਵਣ ਸਿੰਘ ਨਾਮਕ ਵਿਅਕਤੀ ਦਾ ਪਲਾਟ ਮਈ 2023 ਵਿੱਚ ਵੇਚਿਆ ਗਿਆ ਸੀ। ਜਦਕਿ ਸਰਵਣ ਸਿੰਘ ਦੀ 8 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਇਸਦੇ ਬਾਵਜੂਦ ਇਸ ਗਿਰੋਹ ਨੇ ਫਰਜ਼ੀ ਸਰਵਣ ਸਿੰਘ ਨੂੰ ਖੜ੍ਹਾ ਕਰਕੇ ਸਾਰੇ ਫਰਜ਼ੀ ਦਸਤਾਵੇਜ਼ ਤਿਆਰ ਕਰਕੇ ਉਸਦਾ ਪਲਾਟ ਵੇਚ ਦਿੱਤਾ। ਸਰਵਣ ਸਿੰਘ ਦੇ ਪੁੱਤਰ ਕਮਲਜੀਤ ਸਿੰਘ ਨੇ ਐਸਡੀਐਮ ਨੂੰ ਸ਼ਿਕਾਇਤ ਦਿੱਤੀ ਸੀ ਤਾਂ ਜਾਅਲਸਾਜ਼ੀ ਦਾ ਪਰਦਾਫਾਸ਼ ਹੋਇਆ ਹੈ।
ਫਰਜ਼ੀ ਪਤਨੀ ਬਣਾ ਕੇ ਰਜਿਸਟਰੀ ਕਰ ਪਲਾਟ ਵੇਚਿਆ: ਇਸ ਮਾਮਲੇ ਵਿੱਚ ਐਸਡੀਐਮ ਦੇ ਹੁਕਮਾਂ ’ਤੇ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਰਜਿਸਟਰੀ ਦੀ ਜਾਂਚ ਵਿੱਚ ਉਸੇ ਦਿਨ ਦੀ ਇੱਕ ਹੋਰ ਰਜਿਸਟਰੀ ਜਾਅਲੀ ਪਾਈ ਗਈ ਹੈ। ਇਸ ਰਜਿਸਟਰੀ 'ਚ ਇਕ ਵਿਅਕਤੀ ਨੇ ਇਸ ਗਿਰੋਹ ਦੀ ਮਦਦ ਨਾਲ ਆਪਣੀ ਫਰਜ਼ੀ ਪਤਨੀ ਬਣਾ ਕੇ ਸਾਂਝਾ ਪਲਾਟ ਵੇਚ ਦਿੱਤਾ। ਜਦੋਂਕਿ ਇਹ ਪਲਾਟ ਪਤੀ-ਪਤਨੀ ਦਾ ਸਾਂਝਾ ਸੀ ਅਤੇ ਆਪਣੀ ਪਤਨੀ ਤੋਂ ਬਗੈਰ ਨਹੀਂ ਵੇਚ ਸਕਦਾ ਸੀ। ਜਦਕਿ ਵਿਅਕਤੀ ਦਾ ਆਪਣੀ ਪਤਨੀ ਨਾਲ ਕੇਸ ਚੱਲ ਰਿਹਾ ਹੈ। ਇਸੇ ਲਈ ਉਸਨੇ ਗਿਰੋਹ ਨਾਲ ਗੱਲਬਾਤ ਕਰਕੇ ਇਕ ਹੋਰ ਔਰਤ ਨੂੰ ਆਪਣੀ ਨਕਲੀ ਪਤਨੀ ਬਣਾ ਲਿਆ ਅਤੇ ਪਲਾਟ ਦੀ ਰਜਿਸਟਰੀ ਕਰਵਾ ਦਿੱਤੀ।