ਖੰਨਾ:ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ 'ਚ ਸ਼ੈਲਰ ਮਾਲਕਾਂ ਦੀ ਹੜਤਾਲ ਖਤਮ ਹੋ ਗਈ। ਡੀਸੀ ਲੁਧਿਆਣਾ ਸੁਰਭੀ ਮਲਿਕ ਦੇ ਹੁਕਮਾਂ 'ਤੇ ਡੀਐਫਐਸਸੀ ਸ਼ੈਫਾਲੀ ਚੋਪੜਾ ਖੁਦ ਮੰਡੀ ਪਹੁੰਚੇ ਅਤੇ ਲਿਫਟਿੰਗ ਦੀ ਸਮੱਸਿਆ ਦਾ ਹੱਲ ਕੀਤਾ। ਇਸ ਨਾਲ ਹੀ ਟਰੱਕਾਂ 'ਚ ਬੋਰੀਆਂ ਲੋਡ ਕਰਵਾ ਕੇ ਲਿਫਟਿੰਗ ਸ਼ੁਰੂ ਕਰ ਦਿੱਤੀ ਗਈ। ਹੜਤਾਲ ਖਤਮ ਹੋਣ ਤੋਂ ਬਾਅਦ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੇ ਸੁੱਖ ਦਾ ਸਾਹ ਲਿਆ। ਡੀਐਫਐਸਸੀ ਸ਼ੈਫਾਲੀ ਚੋਪੜਾ ਵੱਲੋਂ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦੀ ਸਾਂਝੀ ਮੀਟਿੰਗ ਬੁਲਾਈ ਗਈ। ਜਿਸ ਵਿੱਚ ਵਿਚਾਰ ਕੀਤਾ ਗਿਆ ਕਿ ਮੀਂਹ ਕਾਰਨ ਮੰਡੀਆਂ ਵਿੱਚ ਗਿੱਲਾ ਝੋਨਾ ਖਰਾਬ ਹੋ ਰਿਹਾ ਹੈ। ਫਸਲ ਨੂੰ ਸੁਕਾਉਣ ਲਈ ਜਗ੍ਹਾ ਦੀ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਸਾਰੇ ਵਰਗ ਪ੍ਰੇਸ਼ਾਨ ਹਨ ਅਤੇ ਹਰ ਇੱਕ ਦਾ ਨੁਕਸਾਨ ਹੋ ਰਿਹਾ ਹੈ।
ਕਿੰਨ੍ਹੇ ਘੰਟੇ ਚੱਲੀ ਮੀਟਿੰਗ:ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦੀ ਸਾਂਝੀ ਮੀਟਿੰਗ ਦੋ ਤੋਂ ਤਿੰਨ ਘੰਟੇ ਤੱਕ ਚੱਲੀ ਅਤੇ ਅੰਤ ਵਿੱਚ ਲਿਫਟਿੰਗ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਫੈਸਲਾ ਲਿਆ ਗਿਆ ਕਿ ਸ਼ੈਲਰ ਮਾਲਕ ਆਪਣੇ ਸ਼ੈਲਰਾਂ ਵਿੱਚ ਝੋਨਾ ਲਾਉਣਗੇ। ਇਸ ਤੋਂ ਇਲਾਵਾ ਸ਼ੈਲਰ ਮਾਲਕਾਂ ਨੇ ਆਪਣੀਆਂ ਕੁਝ ਮੰਗਾਂ ਸਬੰਧੀ ਡੀਐਫਐਸਸੀ ਨੂੰ ਮੰਗ ਪੱਤਰ ਸੌਂਪਿਆ। ਜਿਸ ਵਿੱਚ ਕਿਹਾ ਗਿਆ ਕਿ ਜੇਕਰ ਕੇਂਦਰ ਸਰਕਾਰ ਨੇ ਐਫਆਰਕੇ ਦਾ ਮਸਲਾ ਹੱਲ ਨਾ ਕੀਤਾ ਤਾਂ ਉਹ ਕਿਸੇ ਵੀ ਸਮੇਂ ਮੁੜ ਲਿਫਟਿੰਗ ਬੰਦ ਕਰ ਸਕਦੇ ਹਨ।