ਖੰਨਾ : ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕਰ ਰਹੇ ਦਿੱਲੀ ਬੈਠੇ ਵੱਡੇ ਮਗਰਮੱਛ ਹੁਣ ਆਪ ਪਰਦੇ ਪਿੱਛੇ ਰਹਿ ਕੇ ਬੱਚਿਆਂ ਤੋਂ ਪੰਜਾਬ 'ਚ ਹੈਰੋਇਨ ਦੀ ਸਪਲਾਈ ਕਰਾਉਣ ਲੱਗ ਪਏ ਹਨ। ਅਜਿਹਾ ਹੀ ਇੱਕ ਮਾਮਲਾ ਖੰਨਾ ਤੋਂ ਸਾਹਮਣੇ ਆਇਆ। ਇੱਥੇ ਪੁਲਿਸ ਵਲੋਂ ਇੱਕ ਕਿਲੋ ਹੈਰੋਇਨ ਨਾਲ ਫੜ੍ਹੇ ਦੋ ਤਸਕਰਾਂ ਚੋਂ ਇੱਕ 16 ਸਾਲ ਦਾ ਹੈ, ਜਿਸ ਰਾਹੀਂ ਇਹ ਸਪਲਾਈ ਮੋਗਾ ਵਿਖੇ ਦਿੱਤੀ ਜਾਣੀ ਸੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਖੰਨਾ ਦੇ ਐੱਸਐੱਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਐੱਸਪੀ (ਆਈ) ਜਸਵੀਰ ਸਿੰਘ ਦੀ ਨਿਗਰਾਨੀ ਹੇਠ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਣਾਈ ਸਟੈਟਿਕ ਸਰਵੈਲੈਂਸ ਟੀਮ, ਜਿਸ 'ਚ ਸਦਰ ਥਾਣਾ ਮੁਖੀ ਐੱਸਐੱਚਓ ਅਨਵਰ ਅਲੀ ਦੇ ਥਾਣੇਦਾਰ ਸ਼ਿੰਗਾਰਾ ਸਿੰਘ ਸਮੇਤ ਹੋਰ ਮੁਲਾਜ਼ਮ ਸ਼ਾਮਲ ਸਨ, ਨੇ ਲਿਬੜਾ ਪਿੰਡ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਖੰਨਾ ਸਾਈਡ ਤੋਂ ਆ ਰਹੀ ਵੈਗਨਰ ਕਾਰ ਨੰਬਰ ਡੀਐੱਲ-01-ਆਰਟੀਬੀ-7451 ਨੂੰ ਰੁੱਕਣ ਦਾ ਇਸ਼ਾਰਾ ਕੀਤਾ ਗਿਆ। ਕਾਰ ਚਾਲਕ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਬੈਰੀਕੇਡ ਦੀ ਮਦਦ ਨਾਲ ਰੋਕਿਆ ਗਿਆ।