ਖੰਨਾ ਪੁਲਿਸ ਨੇ ਮੋਟਰਸਾਈਕਲ ਚੋਰ ਗਰੋਹ ਦੇ 4 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ ਖੰਨਾ :ਮੋਟਰਸਾਈਕਲ ਚੋਰ ਗਿਰੋਹ ਖਿਲਾਫ ਕਾਰਵਾਈ ਕਰਦਿਆਂ ਖੰਨਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ।ਪੁਲਿਸ ਨੇ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਚੋਰੀ ਦੇ 6 ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ ਸੋਨੀ, ਮਨਦੀਪ ਸਿੰਘ ਗੋਗੀ, ਜ਼ਾਕਿਰ ਹੁਸੈਨ ਮੋਨੀ ਤਿੰਨੋਂ ਵਾਸੀ ਮੰਡੀ ਗੋਬਿੰਦਗੜ੍ਹ ਅਤੇ ਸੁਰੇਸ਼ ਕੁਮਾਰ ਉਰਫ਼ ਜਿੰਮੀ ਵਾਸੀ ਗੁਰੂ ਨਾਨਕ ਕਾਲੋਨੀ ਪਿੰਡ ਲਾਡਪੁਰ ਵਜੋਂ ਹੋਈ ਹੈ। ਸਿਟੀ ਥਾਣਾ 2 ਦੇ ਐਸਐਚਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਏਐਸਆਈ ਜਰਨੈਲ ਸਿੰਘ ਦੀ ਟੀਮ ਨੇ ਅਮਲੋਹ ਚੌਕ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਮੁਖਬਰ ਦੀ ਇਤਲਾਹ 'ਤੇ ਸੋਨੀ, ਗੋਗੀ ਅਤੇ ਮੋਨੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ।
ਉਨ੍ਹਾਂ ਕੋਲੋਂ ਪੁੱਛਗਿੱਛ ਤੋਂ ਪਤਾ ਲੱਗਾ ਕਿ ਇਸ ਗਰੋਹ ਦਾ ਮੁੱਖ ਮੁਲਜ਼ਮ ਸੁਰੇਸ਼ ਕੁਮਾਰ ਜਿੰਮੀ ਹੈ। ਜਿੰਮੀ ਮੂਲ ਰੂਪ 'ਚ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਨ੍ਹੀਂ ਦਿਨੀਂ ਉਹ ਮੰਡੀ ਗੋਬਿੰਦਗੜ੍ਹ ਦੇ ਪਿੰਡ ਲਾਡਪੁਰ ਦੀ ਗੁਰੂ ਨਾਨਕ ਕਾਲੋਨੀ ਵਿੱਚ ਰਹਿੰਦਾ ਹੈ। ਇੱਥੇ ਆ ਕੇ ਉਸਨੇ ਮੋਟਰਸਾਈਕਲ ਚੋਰਾਂ ਨਾਲ ਸੰਪਰਕ ਕੀਤਾ। ਚੋਰੀ ਦਾ ਮੋਟਰਸਾਈਕਲ ਘੱਟ ਕੀਮਤ 'ਤੇ ਖਰੀਦਣ ਤੋਂ ਬਾਅਦ ਉਹ ਅੱਗੇ ਵੱਧ ਕੀਮਤ 'ਤੇ ਵੇਚਦਾ ਸੀ। ਇਸ ਤਰ੍ਹਾਂ ਜਿੰਮੀ ਨੇ ਚੋਰਾਂ ਦਾ ਗਰੋਹ ਖੜ੍ਹਾ ਕਰ ਲਿਆ।
ਪਰਿਵਾਰ ਦੇ ਪਾਲਣ-ਪੌਸ਼ਣ ਲਈ ਸ਼ੁਰੂ ਕੀਤੀਆਂ ਚੋਰੀਆਂ :ਪੁਲਿਸ ਦੀ ਪੁੱਛਗਿੱਛ 'ਚ ਜਿੰਮੀ ਨੇ ਖੁਲਾਸਾ ਕੀਤਾ ਕਿ ਪਹਿਲਾਂ ਜਦੋਂ ਉਹ ਇਕੱਲਾ ਹੁੰਦਾ ਸੀ ਤਾਂ ਨਸ਼ੇ ਦੀ ਪੂਰਤੀ ਲਈ ਛੋਟੀਆਂ-ਮੋਟੀਆਂ ਚੋਰੀਆਂ ਕਰਦਾ ਸੀ, ਪਰ ਵਿਆਹ ਤੋਂ ਬਾਅਦ ਪਰਿਵਾਰ ਦਾ ਬੋਝ ਵੱਧ ਗਿਆ, ਇੱਕ ਬੱਚੀ ਨੂੰ ਗੋਦ ਲਿਆ। ਨੌਕਰੀ ਨਹੀਂ ਮਿਲ ਰਹੀ ਸੀ। ਪਰਿਵਾਰ ਪਾਲਣ ਦੀ ਖ਼ਾਤਰ ਗ਼ੈਰ-ਕਾਨੂੰਨੀ ਧੰਦਿਆਂ ਦਾ ਦਾਇਰਾ ਵਧਾ ਦਿੱਤਾ। ਇਸ ਗਰੋਹ ਦੇ ਬਾਕੀ ਤਿੰਨ ਮੁਲਜ਼ਮ ਵੀ ਨਸ਼ਾ ਕਰਨ ਲਈ ਮੋਟਰਸਾਈਕਲ ਚੋਰੀ ਕਰਦੇ ਸਨ। ਚੋਰੀ ਤੋਂ ਬਾਅਦ ਮੋਟਰਸਾਈਕਲ ਜਿੰਮੀ ਨੂੰ ਦਿੱਤੀ ਜਾਂਦੀ ਸੀ। ਜਿੰਮੀ ਇਨ੍ਹਾਂ ਮੁਲਜ਼ਮਾਂ ਨੂੰ ਨਸ਼ਾ ਕਰਨ ਲਈ ਪੈਸੇ ਦਿੰਦਾ ਸੀ। ਇਨ੍ਹਾਂ ਮੁਲਜ਼ਮਾਂ ਨੇ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਇਨ੍ਹਾਂ ਕੋਲੋਂ 6 ਮੋਟਰਸਾਈਕਲ ਬਰਾਮਦ ਹੋਏ ਹਨ। ਪੁਲਿਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਮਾਸਟਰ ਚਾਬੀ ਨਾਲ 2 ਮਿੰਟਾਂ 'ਚ ਚੋਰੀ ਕਰਦੇ ਸੀ ਮੋਟਰਸਾਈਕਲ : ਇਹ ਮੁਲਜ਼ਮ ਮੋਟਰਸਾਈਕਲ ਚੋਰੀ ਕਰਨ 'ਚ ਇੰਨੇ ਮਾਹਰ ਸਨ ਕਿ 2 ਮਿੰਟ 'ਚ ਮੋਟਰਸਾਈਕਲ ਚੋਰੀ ਕਰ ਲੈਂਦੇ ਸੀ। ਜ਼ਿਆਦਾਤਰ ਇਨ੍ਹਾਂ ਦਾ ਨਿਸ਼ਾਨਾ ਹੀਰੋ ਸਪਲੈਂਡਰ ਮੋਟਰਸਾਈਕਲ ਸੀ। ਮਾਸਟਰ ਚਾਬੀ ਨੂੰ ਇਸ ਮੋਟਰਸਾਈਕਲ ਦਾ ਲੌਕ ਆਸਾਨੀ ਨਾਲ ਖੋਲ੍ਹਣ ਲਈ ਵਰਤਿਆ ਜਾਂਦਾ ਸੀ। ਇੱਕੋ ਚਾਬੀ ਨਾਲ ਉਹ ਹੁਣ ਤੱਕ 6 ਮੋਟਰਸਾਈਕਲ ਚੋਰੀ ਕਰ ਚੁੱਕੇ ਸੀ।
10 ਤੋਂ 15 ਹਜ਼ਾਰ ਵਿੱਚ ਵੇਚਦੇ ਸੀ ਮੋਟਰਸਾਈਕਲ :ਚੋਰੀ ਕੀਤੇ ਮੋਟਰਸਾਈਕਲਾਂ ਨੂੰ ਬਹੁਤ ਘੱਟ ਕੀਮਤ 'ਤੇ ਵੇਚਿਆ ਜਾਂਦਾ ਸੀ। ਵਧੀਆ ਹਾਲਤ ਵਾਲਾ ਮੋਟਰਸਾਈਕਲ ਵੀ 10 ਤੋਂ 15 ਹਜ਼ਾਰ ਰੁਪਏ ਵਿੱਚ ਵੇਚਿਆ ਜਾਂਦਾ ਸੀ, ਕਿਉਂਕਿ ਚੋਰਾਂ ਕੋਲ ਨਾ ਤਾਂ ਮੋਟਰਸਾਈਕਲ ਦਾ ਕੋਈ ਦਸਤਾਵੇਜ਼ ਹੁੰਦਾ ਸੀ ਅਤੇ ਨਾ ਹੀ ਉਹ ਕਿਸੇ ਦੇ ਨਾਂ 'ਤੇ ਮੋਟਰਸਾਈਕਲ ਟਰਾਂਸਫਰ ਕਰਵਾ ਸਕਦੇ ਸੀ। ਇਸ ਲਈ ਉਹ ਘੱਟ ਕੀਮਤ 'ਤੇ ਮੋਟਰਸਾਈਕਲ ਵੇਚ ਕੇ ਚੋਰੀ ਦੀ ਅਗਲੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ।
ਨੈੱਟਵਰਕ ਦੀ ਜੜ੍ਹ 'ਤੇ ਜਾਵਾਂਗੇ - ਡੀਐਸਪੀ :ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਇਸ ਗਰੋਹ ਦਾ ਨੈੱਟਵਰਕ ਕਾਫ਼ੀ ਫੈਲਿਆ ਹੋ ਸਕਦਾ ਹੈ। ਮੁਲਜ਼ਮਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੈੱਟਵਰਕ ਦੀ ਜੜ੍ਹ ਤੱਕ ਜਾਵੇਗੀ। ਮੋਟਰਸਾਈਕਲ ਚੋਰੀ ਕਰਨ ਅਤੇ ਖਰੀਦਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।