ਅਸਲਾ ਬਣਾਉਣ ਵਾਲੇ ਮੁਲਜ਼ਮ ਸਮੇਤ 2 ਗ੍ਰਿਫ਼ਤਾਰ ਖੰਨਾ: ਪੁਲਿਸ ਨੇ ਮੱਧ ਪ੍ਰਦੇਸ਼ ਵਿੱਚ ਨਜਾਇਜ਼ ਅਸਲਾ ਬਣਾਉਣ ਵਾਲੀ ਫੈਕਟਰੀ ਫੜੀ ਹੈ। ਇੱਥੋਂ ਹਥਿਆਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨੂੰ ਸਪਲਾਈ ਕੀਤੇ ਜਾਂਦੇ ਸਨ। ਪੁਲਿਸ ਨੇ ਫੈਕਟਰੀ 'ਚ ਹਥਿਆਰ ਬਣਾਉਣ ਵਾਲੇ ਵਿਅਕਤੀ ਅਤੇ ਸਪਲਾਈ ਕਰਨ ਵਾਲੇ ਇੱਕ ਮੁਲਜ਼ਮ ਨੂੰ ਵੀ ਗ੍ਰਿਫਤਾਰ ਕੀਤਾ। ਦੋਨਾਂ ਕੋਲੋਂ 13 ਹਥਿਆਰ ਬਰਾਮਦ ਕੀਤੇ ਗਏ। ਮੁਲਜ਼ਮਾਂ ਦੀ ਪਛਾਣ ਖੰਨਾ ਦੀ ਜਗਤ ਕਲੋਨੀ ਵਾਸੀ ਵਿਸ਼ਾਲ ਕੁਮਾਰ ਅਤੇ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਪਿੰਡ ਸਿਗਨੂਰ ਵਾਸੀ ਵੀਰਪਾਲ ਸਿੰਘ ਟੋਨੀ ਵਜੋਂ ਹੋਈ।
315 ਬੋਰ ਦੇ 2 ਦੇਸੀ ਪਿਸਤੌਲ ਬਰਾਮਦ:ਲੁਧਿਆਣਾ ਰੇਂਜ ਦੇ ਆਈ.ਜੀ ਕੌਸਤੁਭ ਸ਼ਰਮਾ (Ludhiana Range IG Kaustubh Sharma) ਨੇ ਦੱਸਿਆ ਕਿ ਐੱਸਐੱਸਪੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਇੰਸਪੈਕਟਰ ਅਮਨਦੀਪ ਸਿੰਘ ਦੀ ਟੀਮ ਨੇ ਪਿੰਡ ਲਲਹੇੜੀ ਤੋਂ ਵਿਸ਼ਾਲ ਕੁਮਾਰ ਨੂੰ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ। ਵਿਸ਼ਾਲ ਕੁਮਾਰ ਦੇ ਕਈ ਗੈਂਗਸਟਰਾਂ ਨਾਲ ਸਬੰਧ ਹਨ। ਇਸ ਖ਼ਿਲਾਫ਼ ਪਹਿਲਾਂ ਹੀ 7 ਕੇਸ ਦਰਜ ਹਨ। ਉਹ ਜ਼ਮਾਨਤ 'ਤੇ ਬਾਹਰ ਸੀ। ਜਿਸ ਕਾਰਨ ਪੁਲਿਸ ਨੇ ਵਿਸ਼ਾਲ ਕੁਮਾਰ ਦਾ ਰਿਮਾਂਡ ਹਾਸਲ ਕੀਤਾ। ਰਿਮਾਂਡ ਦੌਰਾਨ ਵਿਸ਼ਾਲ ਦੀ ਨਿਸ਼ਾਨਦੇਹੀ 'ਤੇ ਪੁਆਇੰਟ 315 ਬੋਰ ਦੇ 2 ਦੇਸੀ ਪਿਸਤੌਲ ਬਰਾਮਦ ਹੋਏ। ਵਿਸ਼ਾਲ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਇਹ ਪਿਸਤੌਲ ਉਸ ਨੇ ਮੱਧ ਪ੍ਰਦੇਸ਼ ਦੇ ਵੀਰਪਾਲ ਤੋਂ ਖਰੀਦੇ ਸਨ।
ਅਸਲਾ ਬਣਾਉਣ ਦਾ ਧੰਦਾ: ਪੁਲਿਸ ਨੇ ਇਸ ਮਾਮਲੇ ਵਿੱਚ ਵੀਰਪਾਲ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤਾ। ਜਦੋਂ ਖੰਨਾ ਪੁਲਿਸ ਦੀ ਟੀਮ ਨੇ ਵੀਰਪਾਲ ਦੇ ਮੱਧ ਪ੍ਰਦੇਸ਼ ਸਥਿਤ ਟਿਕਾਣੇ 'ਤੇ ਛਾਪਾ ਮਾਰਿਆ ਤਾਂ ਉਥੋਂ ਪੁਆਇੰਟ 32 ਬੋਰ ਦੇ 11 ਦੇਸੀ ਪਿਸਤੌਲ ਬਰਾਮਦ ਹੋਏ। ਵੀਰਪਾਲ ਸਿੰਘ ਆਪਣੇ ਰਿਸ਼ਤੇਦਾਰ ਤਕਦੀਰ ਸਿੰਘ ਨਾਲ ਮਿਲ ਕੇ ਅਸਲਾ ਬਣਾਉਣ ਦਾ ਧੰਦਾ ਕਰਦਾ ਸੀ। ਤਕਦੀਰ ਸਿੰਘ ਨੂੰ ਦੋ ਮਹੀਨੇ ਪਹਿਲਾਂ ਖੰਨਾ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ। ਆਈਜੀ ਸ਼ਰਮਾ ਨੇ ਦੱਸਿਆ ਕਿ ਤਕਦੀਰ ਅਤੇ ਵੀਰਪਾਲ ਖੁਦ ਹਥਿਆਰ ਬਣਾਉਂਦੇ ਸਨ। ਡਿਮਾਂਡ 'ਤੇ ਦੇਸੀ ਪਿਸਤੌਲ ਵੇਚਦੇ ਸੀ। ਪੁਲਿਸ ਉਨ੍ਹਾਂ ਦੇ ਬਾਕੀ ਨੈੱਟਵਰਕ ਦੀ ਵੀ ਜਾਂਚ ਕਰ ਰਹੀ ਹੈ।
ਵਿਸ਼ਾਲ ਖ਼ਿਲਾਫ਼ 7, ਵੀਰਪਾਲ ਖ਼ਿਲਾਫ਼ 2 ਕੇਸ ਦਰਜ :ਵਿਸ਼ਾਲ ਕੁਮਾਰ ਖ਼ਿਲਾਫ਼ ਪਹਿਲਾਂ ਹੀ ਖੰਨਾ, ਚਮਕੌਰ ਸਾਹਿਬ, ਬੱਸੀ ਪਠਾਣਾ, ਰੋਪੜ ਵਿਖੇ ਚੋਰੀ, ਡਕੈਤੀ ਅਤੇ ਅਸਲਾ ਐਕਟ ਦੇ 7 ਕੇਸ ਦਰਜ ਹਨ। ਇਨ੍ਹੀਂ ਦਿਨੀਂ ਉਹ ਜ਼ਮਾਨਤ 'ਤੇ ਬਾਹਰ ਸੀ। ਵੀਰਪਾਲ ਸਿੰਘ ਟੋਨੀ ਖ਼ਿਲਾਫ਼ ਮੱਧ ਪ੍ਰਦੇਸ਼ ਵਿੱਚ ਨਾਜਾਇਜ਼ ਹਥਿਆਰ ਸਪਲਾਈ ਕਰਨ ਦੇ ਦੋ ਕੇਸ ਦਰਜ ਹਨ। ਦੱਸ ਦਈਏ ਖੰਨਾ ਪੁਲਿਸ ਸਾਲ 2023 ਵਿੱਚ ਹੁਣ ਤੱਕ ਹਥਿਆਰ ਸਪਲਾਈ ਕਰਨ ਵਾਲੇ ਕਈ ਗਿਰੋਹਾਂ ਦਾ ਪਰਦਾਫਾਸ਼ ਕਰ ਚੁੱਕੀ ਹੈ। ਆਈਜੀ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਐਸਐਸਪੀ ਅਮਨੀਤ ਕੌਂਡਲ (SSP Ameet Kondal) ਦੀ ਅਗਵਾਈ ਹੇਠ 1 ਜਨਵਰੀ ਤੋਂ ਹੁਣ ਤੱਕ ਅਸਲਾ ਐਕਟ ਦੇ 26 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 59 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 94 ਹਥਿਆਰ ਬਰਾਮਦ ਕੀਤੇ ਗਏ ਹਨ। 232 ਕਾਰਤੂਸ ਅਤੇ 53 ਮੈਗਜ਼ੀਨ ਬਰਾਮਦ ਹੋਏ। ਗੈਂਗਸਟਰਾਂ ਖਿਲਾਫ ਚਲਾਈ ਮੁਹਿੰਮ ਵਿੱਚ ਇਹ ਵੱਡੀ ਕਾਮਯਾਬੀ ਹੈ।