ਖੰਨਾ: ਪਿੰਡ ਖੇੜੀ ਨੌਧ ਸਿੰਘ ਦੇ ਲੋਕ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਖਾਸ ਕਰਕੇ ਔਰਤਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਇਸ ਦਾ ਕਾਰਨ ਪਿੰਡ 'ਚ ਠੇਕਾ ਖੁੱਲਣਾ ਹੈ। ਪਿੰਡ ਵਾਸੀ ਜਸਵੰਤ ਸਿੰਘ ਨੇ ਦੱਸਿਆ ਕਿ ਜਿਸ ਥਾਂ ਉਪਰ ਸ਼ਰਾਬ ਦਾ ਠੇਕਾ ਖੋਲ੍ਹਿਆ ਗਿਆ ਹੈ ਉਸਦੇ ਸਾਹਮਣੇ ਉਹਨਾਂ ਦਾ ਘਰ ਹੈ। ਠੇਕੇ ਦੇ ਪਿਛਲੇ ਪਾਸੇ ਸਾਰਾ ਹੀ ਇਲਾਕਾ ਰਿਹਾਇਸ਼ੀ ਹੈ। ਠੇਕੇ ਦਾ ਅਹਾਤਾ ਵੀ ਪਿਛਲੇ ਪਾਸੇ ਘਰ ਦੇ ਨਾਲ ਬਣਿਆ ਹੋਇਆ ਹੈ। ਦੇਰ ਰਾਤ ਤੱਕ ਲੋਕ ਸ਼ਰਾਬ ਪੀ ਕੇ ਸ਼ੋਰ ਸ਼ਰਾਬਾ ਕਰਦੇ ਰਹਿੰਦੇ ਹਨ।
ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ: ਇਹ ਠੇਕਾ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਉਪਰ ਖੋਲ੍ਹਿਆ ਗਿਆ ਹੈ। ਜਦਕਿ ਸ਼੍ਰੋਮਣੀ ਕਮੇਟੀ ਦੇ ਅਨੁਸਾਰ ਗੁਰਦੁਆਰਾ ਸਾਹਿਬ ਤੋਂ 500 ਗਜ਼ ਦੀ ਦੂਰੀ 'ਤੇ ਕੋਈ ਸ਼ਰਾਬ ਦਾ ਠੇਕਾ ਨਹੀਂ ਖੁੱਲ੍ਹ ਸਕਦਾ। ਇਸਦੇ ਬਾਵਜੂਦ ਸਰੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਸ਼ਰਾਬ ਵੇਚੀ ਜਾ ਰਹੀ ਹੈ। ਸ਼ਰਾਬੀ ਆਉਣ ਜਾਣ ਵਾਲੀਆਂ ਔਰਤਾਂ ਨੂੰ ਦੇਖ ਕੇ ਅਜਿਹੇ ਕੁਮੈਂਟਸ ਕਰਦੇ ਹਨ ਕਿ ਬਿਆਨ ਵੀ ਨਹੀਂ ਕੀਤੇ ਜਾ ਸਕਦੇ। ਜਸਵੰਤ ਸਿੰਘ ਅਨੁਸਾਰ ਉਹਨਾਂ ਨੇ ਸ਼ਰਾਬ ਦਾ ਠੇਕਾ ਰਿਹਾਇਸ਼ੀ ਇਲਾਕੇ 'ਚ ਖੋਲ੍ਹਣ ਦੀ ਸ਼ਿਕਾਇਤ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਸਰਕਾਰ, ਐਸਡੀਐਮ ਖਮਾਣੋਂ ਅਤੇ ਥਾਣਾ ਖੇੜੀ ਨੌਧ ਸਿੰਘ ਵਿਖੇ ਵੀ ਕੀਤੀ, ਪ੍ਰੰਤੂ ਕੋਈ ਇਨਸਾਫ ਨਹੀਂ ਮਿਲਿਆ।