ਖੰਨਾ :ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਾਲ ਅੰਦਰ ਸੂਬੇ ਵਿੱਚ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾ ਕੇ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਪ੍ਰਣ ਲਿਆ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਵੀ ਨਸ਼ਿਆਂ ਵਿਰੁੱਧ ਜ਼ੀਰੋ ਟੋਲਰੈਂਸ ਦੀ ਨੀਤੀ ਨੂੰ ਜ਼ਮੀਨੀ ਪੱਧਰ 'ਤੇ ਸਖ਼ਤੀ ਨਾਲ ਲਾਗੂ ਕਰਦੇ ਹੋਏ ਨਸ਼ਿਆਂ 'ਤੇ ਸਖ਼ਤ ਕਾਰਵਾਈ ਤੇਜ਼ ਕਰ ਦਿੱਤੀ ਹੈ। ਨਸ਼ਿਆਂ ਵਿਰੁੱਧ ਪੁਲਿਸ ਦੀ ਇਸ ਸਖ਼ਤੀ ਦਾ ਸਬੂਤ ਖੰਨਾ 'ਚ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਨੌਜਵਾਨਾਂ ਦੀ ਟੀਕਾ ਲਗਾਉਣ ਦੀ ਵੀਡੀਓ ਵਾਇਰਲ ਹੋਣ ਉਪਰੰਤ ਐਸਐਸਪੀ ਅਮਨੀਤ ਕੌਂਡਲ ਨੇ ਸਖ਼ਤ ਐਕਸ਼ਨ ਲਿਆ। ਐਸਐਸਪੀ ਕੌਂਡਲ ਨੇ ਸਬ ਡਵੀਜ਼ਨ ਖੰਨਾ ਦੇ ਡੀਐਸਪੀ ਰਾਜੇਸ਼ ਸ਼ਰਮਾ ਨੂੰ ਇਸ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਨੌਜਵਾਨਾਂ ਨੂੰ ਤੁਰੰਤ ਲੱਭ ਕੇ ਫੜ੍ਹਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਡੀਐਸਪੀ ਖੰਨਾ ਨੇ ਸਪੈਸ਼ਲ ਬ੍ਰਾਂਚ ਦੀ ਮਦਦ ਨਾਲ ਇੱਕ ਘੰਟੇ ਦੇ ਅੰਦਰ ਵੀਡੀਓ ਵਾਲੀ ਥਾਂ ਦਾ ਮੁਆਇਨਾ ਕਰਨ ਤੋਂ ਬਾਅਦ, ਇਨ੍ਹਾਂ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਵੀਡੀਓ ਪੁਲਿਸ ਨੂੰ ਮਿਲੀ, ਤਾਂ ਇਸ 'ਤੇ ਤੁਰੰਤ ਕਾਰਵਾਈ :ਡੀਐਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਐਸਐਸਪੀ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਜਿਵੇਂ ਹੀ ਨੌਜਵਾਨਾਂ ਦੀ ਟੀਕਾ ਲਾਉਣ ਦੀ ਵੀਡੀਓ ਪੁਲਿਸ ਨੂੰ ਮਿਲੀ, ਤਾਂ ਇਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਵੀਡੀਓ ਨੂੰ ਵੈਰੀਫਾਈ ਕੀਤਾ ਗਿਆ। ਜਾਂਚ ਦੌਰਾਨ ਪਤਾ ਚੱਲਿਆ ਕਿ ਇਹ ਵੀਡੀਓ ਸਿਵਲ ਹਸਪਤਾਲ, ਖੰਨਾ ਦੀ ਪੁਰਾਣੀ ਇਮਾਰਤ ਦੀ ਹੈ। ਇਸ ਵੀਡੀਓ ਵਿੱਚ ਇੱਕ ਨੌਜਵਾਨ, ਦੂਜੇ ਨੌਜਵਾਨ ਦੀ ਲੱਤ ਵਿੱਚ ਇੰਜੈਕਸ਼ਨ ਲਗਾਉਂਦਾ ਦਿਖਾਈ ਦਿੱਤਾ। ਉਨ੍ਹਾਂ ਦੱਸਿਆ ਕਿ ਸਪੈਸ਼ਲ ਬ੍ਰਾਂਚ ਰਾਹੀ ਜਾਂਚ ਕਰਕੇ ਥਾਣ ਸਿਟੀ-2, ਖੰਨਾ ਵਿੱਚ ਮੁੱਕਦਮਾ ਨੰਬਰ 140 ਦਰਜ ਕਰ ਲਿਆ ਹੈ।