ਲੁਧਿਆਣਾ: ਮਾਛੀਵਾੜਾ ਦੇ ਇੰਦਰਾ ਕਲੌਨੀ ਦੇ ਨਿਵਾਸੀ ਅਮਨਦੀਪ ਸਿੰਘ (20) ਜੋ ਕਿ ਕਬੱਡੀ ਦੀ ਖਿਡਾਰੀ ਸੀ। ਉਸ ਦਾ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਦਿਨ-ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਅਮਨਦੀਪ ਸਿੰਘ ਦੇ ਕਤਲ ਵਿੱਚ 13 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਵਾਇਆ। 13 ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਥਾਣੇ ਅੱਗੇ ਧਰਨਾ ਲੱਗਾ ਦਿੱਤਾ। ਪੁਲਿਸ ਵੱਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ’ਤੇ 13 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਕਬੱਡੀ ਦਾ ਖਿਡਾਰੀ ਵੀ ਹੈ ਅਤੇ ਸ਼ਹਿਰ ’ਚ ਇੱਕ ਕਿਤਾਬਾਂ ਦੀ ਦੁਕਾਨ ’ਤੇ ਕੰਮ ਵੀ ਕਰਦਾ ਸੀ। 11 ਜੁਲਾਈ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਘਰੋਂ ਆਪਣੇ ਕੰਮ ’ਤੇ ਗਿਆ ਸੀ। ਬਿਆਨਕਰਤਾ ਅਨੁਸਾਰ ਉਸ ਨੂੰ ਢਾਈ ਕੁ ਵਜੇ ਫੋਨ ਆਇਆ ਕਿ ਉਸ ਦੇ ਭਰਾ ਅਮਨਦੀਪ ਸਿੰਘ ਦਾ ਐਕਸੀਡੈਂਟ ਹੋ ਗਿਆ ਹੈ ਜੋ ਸਿਵਲ ਹਸਪਤਾਲ ਵਿਖੇ ਦਾਖਲ ਹੈ। ਹਸਪਤਾਲ ’ਚ ਅਮਨਦੀਪ ਸਿੰਘ ਬਹੁਤ ਜਖ਼ਮੀ ਹਾਲਤ ਵਿੱਚ ਪਿਆ ਸੀ ਜਿਸ ਨੂੰ ਡਾਕਟਰਾਂ ਨੇ ਲੁਧਿਆਣਾ ਰੈਫ਼ਰ ਕਰ ਦਿੱਤਾ।
ਉਥੇ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਢਾਈ ਮਹੀਨੇ ਪਹਿਲਾਂ ਉਸ ਦੇ ਭਰਾ ਅਮਨਦੀਪ ਸਿੰਘ ਦਾ ਇਲਾਕੇ ਦੇ ਕੁਝ ਨੌਜਵਾਨਾਂ ਨਾਲ ਝਗੜਾ ਹੋਇਆ ਸੀ ਅਤੇ 2 ਦਿਨ ਪਹਿਲਾਂ ਵਿਆਹ ਸਮਾਗਮ ਦੌਰਾਨ ਫਿਰ ਉਸ ਦੀ ਇਨ੍ਹਾਂ ਨੌਜਵਾਨਾਂ ਨਾਲ ਝੜਪ ਹੋਈ। ਇਸ ਸਬੰਧੀ ਮੈਨੂੰ ਭਰਾ ਨੇ ਸਾਰੀ ਗੱਲ ਵੀ ਦੱਸੀ ਸੀ। ਕੁਲਦੀਪ ਸਿੰਘ ਕੈਰੀ ਮੇਰੇ ਭਰਾ ਨਾਲ ਰੰਜਿਸ਼ ਰੱਖਦਾ ਸੀ ਜਿਸ ਕਾਰਨ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਅਮਨਦੀਪ ਸਿੰਘ ਦਾ ਕਤਲ ਕਰ ਦਿੱਤਾ।