ਲੁਧਿਆਣਾ: ਕੇਂਦਰ ਸਰਕਾਰ ਦੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਅਤੇ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਬੁੱਧਵਾਰ ਦੇਰ ਸ਼ਾਮ ਲੁਧਿਆਣਾ ਦੇ ਸਰਾਫਾ ਬਜ਼ਾਰ ਵਿੱਚ ਇਕ ਸੁਨਿਆਰ ਦੀ ਦੁਕਾਨ ਉੱਤੇ ਸਾਂਝੀ ਕਾਰਵਾਈ ਕੀਤੀ, ਡੀ.ਆਰ.ਆਈ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੁਬਈ ਤੋਂ ਲਿਆਂਦੇ ਸੋਨੇ ਨੂੰ ਲੁਧਿਆਣਾ ਦੇ ਸਰਾਫਾ ਬਾਜ਼ਾਰ ਵਿੱਚ ਇੱਕ ਦੁਕਾਨਦਾਰ ਨੂੰ ਪਹੁੰਚਾਉਣ ਜਾ ਰਿਹਾ ਹੈ ਅਤੇ ਬਿਨ੍ਹਾਂ ਟੈਕਸ ਦਿੱਤੇ ਇਸ ਦੀ ਕਾਲਾ ਬਾਜ਼ਾਰੀ ਕੀਤ ਜਾ ਰਹੀ ਹੈ। ਜਿਸ ਤੋਂ ਬਾਅਦ ਡੀਆਰਡੀਆਈ ਅਤੇ ਐੱਸਟੀਐੱਫ ਨੇ ਸਾਂਝਾ ਆਪ੍ਰੇਸ਼ਨ ਕੀਤਾ ਹੈ।
3 ਕਿੱਲੋ ਸੋਨਾ ਦੁਬਈ ਤੋਂ ਲਿਆਂਦਾ ਗਿਆ: ਡੀਆਰਆਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁੱਲ 3 ਕਿੱਲੋ ਸੋਨਾ ਦੁਬਈ ਤੋਂ ਲਿਆਂਦਾ ਗਿਆ ਸੀ, ਜਿਸ ਵਿੱਚੋਂ ਡੇਢ ਕਿਲੋ ਸੋਨਾ ਦਿੱਲੀ ਵਿੱਚ ਅਤੇ ਬਾਕੀ ਡੇਢ ਕਿੱਲੋ ਸੋਨਾ ਲੁਧਿਆਣਾ ਦੇ ਇੱਕ ਸਰਾਫਾ ਵਪਾਰੀ ਨੂੰ ਵੇਚਿਆ ਗਿਆ ਸੀ ਇਸੇ ਦੇ ਸਬੰਧ ਵਿੱਚ ਇਹ ਛਾਪੇਮਾਰੀ ਕੀਤੀ ਗਈ ਸੀ। ਮੌਕੇ 'ਤੇ ਪਹੁੰਚੇ ਲੁਧਿਆਣਾ ਐਸ.ਟੀ.ਐਫ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਡੀ.ਆਰ.ਆਈ ਅਤੇ ਐਸ.ਟੀ.ਐਫ ਲੁਧਿਆਣਾ ਦੀ ਟੀਮ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਉਕਤ ਮਾਮਲੇ ਦੇ ਸਬੰਧ ਵਿੱਚ ਵੱਡੀ ਮਾਤਰਾ ਵਿੱਚ ਤਸਕਰੀ ਵਾਲਾ ਸੋਨਾ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਸਬੰਧਤ ਡੀਆਰਆਈ ਅਧਿਕਾਰੀ ਹੀ ਵਧੇਰੇ ਜਾਣਕਾਰੀ ਦੇ ਸਕਦੇ ਹਨ।