ਜੈਇੰਦਰ ਕੌਰ ਨੇ ਅੰਤਰਰਾਸ਼ਟਰੀ ਕਰਾਟੇ ਖਿਡਾਰੀ ਤਰੁਣ ਨਾਲ ਵੀਡੀਓ ਕਾਲ 'ਤੇ ਕੀਤੀ ਗੱਲਬਾਤ ਖੰਨਾ :ਬੀਤੇ ਦਿਨੀਂ ਮਲੇਸ਼ੀਆ ਏਸ਼ੀਅਨ ਚੈਂਪੀਅਨਸ਼ਿਪ 'ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਪਰਤੇ ਅੰਤਰਰਾਸ਼ਟਰੀ ਪੈਰਾ ਕਰਾਟੇ ਖਿਡਾਰੀ ਤਰੁਣ ਸ਼ਰਮਾ ਦਾ ਕਿਸੇ ਨੇ ਸਵਾਗਤ ਤੱਕ ਨਹੀਂ ਕੀਤਾ ਸੀ। ਇਸਦੀ ਖ਼ਬਰ ਨਸ਼ਰ ਹੋਣ ਮਗਰੋਂ ਜਿੱਥੇ ਵੱਖ-ਵੱਖ ਸੰਸਥਾਵਾਂ ਤਰੁਣ ਸ਼ਰਮਾ ਦਾ ਸਨਮਾਨ ਕਰਨ ਲਈ ਅੱਗੇ ਆਈਆਂ ਤਾਂ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਇਸ ਖਿਡਾਰੀ ਨਾਲ ਵੱਡਾ ਵਾਅਦਾ ਕੀਤਾ ਹੈ।
ਨੌਕਰੀ ਦਿਵਾਉਣ ਦਾ ਦਿੱਤਾ ਭਰੋਸਾ :ਕੈਪਟਨ ਦੀ ਧੀ ਨੇ ਤਰੁਣ ਨਾਲ ਵੀਡੀਓ ਕਾਲ 'ਤੇ ਗੱਲਬਾਤ ਕੀਤੀ। ਤਰੁਣ ਦੇ ਹੁਣ ਤੱਕ ਦੇ ਮੈਡਲ ਦੇਖੇ। ਇਸ ਦੌਰਾਨ ਜੈਇੰਦਰ ਕੌਰ ਨੇ ਭਰੋਸਾ ਦਿੱਤਾ ਕਿ ਉਹ ਇਸ ਪੂਰੇ ਮਾਮਲੇ ਦੀ ਫਾਈਲ ਬਣਾ ਕੇ ਦਿੱਲੀ ਵਿਖੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਸੌਂਪਣਗੇ। ਨੌਕਰੀ ਦਿਵਾਉਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ। ਇਸ ਪੂਰੇ ਕੇਸ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ ਨਾਲ ਕੇਂਦਰ ਸਰਕਾਰ ਅੱਗੇ ਰੱਖਿਆ ਜਾਵੇਗਾ। ਇਸਦੇ ਨਾਲ ਹੀ ਜੈ ਇੰਦਰ ਕੌਰ ਨੇ ਤਰੁਣ ਨੂੰ ਇਸ ਸਬੰਧੀ ਪੱਤਰ ਭੇਜਣ ਲਈ ਕਿਹਾ। ਜਿਸਤੋਂ ਬਾਅਦ ਸਾਰਾ ਕੰਮ ਉਹਨਾਂ ਵੱਲੋਂ ਕਰਨ ਦਾ ਭਰੋਸਾ ਦਿੱਤਾ ਗਿਆ।
ਤਰੁਣ ਦੀ ਵੀਡਿਓ ਕਾਲ ਰਾਹੀਂ ਗੱਲ ਕਰਾਉਣ ਲਈ ਉਸਦੇ ਘਰ ਪੁੱਜੇ ਭਾਰਤੀ ਜਨਤਾ ਯੁਵਾ ਮੋਰਚਾ ਖੰਨਾ ਦੇ ਪ੍ਰਧਾਨ ਅਮਰਿੰਦਰ ਸਿੰਘ ਮਿੰਦੀ ਢੀਂਡਸਾ ਨੇ ਦੱਸਿਆ ਕਿ ਜੈ ਇੰਦਰ ਕੌਰ ਨੇ ਸੋਸ਼ਲ ਮੀਡੀਆ 'ਤੇ ਤਰੁਣ ਸ਼ਰਮਾ ਦੀ ਖਬਰ ਦੇਖੀ ਸੀ, ਜਿਸਤੋਂ ਬਾਅਦ ਉਸਨੂੰ ਫੋਨ ਕਰ ਕੇ ਤਰੁਣ ਦੇ ਘਰ ਜਾ ਕੇ ਵੀਡੀਓ ਕਾਲ ਰਾਹੀਂ ਗੱਲ ਕਰਾਉਣ ਲਈ ਕਿਹਾ ਗਿਆ। ਗੱਲਬਾਤ ਕਰਨ ਮਗਰੋਂ ਜੈ ਇੰਦਰ ਕੌਰ ਨੇ ਤਰੁਣ ਨੂੰ ਪੱਤਰ ਟਾਈਪ ਕਰ ਕੇ ਭੇਜਣ ਲਈ ਕਿਹਾ ਹੈ। ਉਹ ਖੁਦ ਤਰੁਣ ਨਾਲ ਜਾ ਕੇ ਇਸ ਕੇਸ ਦੀ ਪੂਰੀ ਫਾਈਲ ਤਿਆਰ ਕਰਨਗੇ। ਇਹ ਫਾਈਲ ਜੈ ਇੰਦਰ ਕੌਰ ਨੂੰ ਸੌਂਪੀ ਜਾਵੇਗੀ। ਉਨ੍ਹਾਂ ਉਮੀਦ ਜਤਾਈ ਕਿ ਕੈਪਟਨ ਪਰਿਵਾਰ ਦੀ ਸਿਫ਼ਾਰਸ਼ 'ਤੇ ਕੇਂਦਰ ਸਰਕਾਰ ਇਸ ਮਾਮਲੇ 'ਚ ਜ਼ਰੂਰ ਕੁੱਝ ਕਰੇਗੀ।
ਤਰੁਣ ਨੇ ਪ੍ਰਗਟਾਈ ਖੁਸ਼ੀ :ਜੈ ਇੰਦਰ ਕੌਰ ਨਾਲ ਵੀਡੀਓ ਕਾਲ ਕਰਨ ਤੋਂ ਬਾਅਦ ਤਰੁਣ ਸ਼ਰਮਾ ਨੇ ਕਿਹਾ ਕਿ ਏਸ਼ੀਆ ਚੋਂ ਮੈਡਲ ਜਿੱਤਣ ਮਗਰੋਂ ਜਦੋਂ ਸ਼ਹਿਰ ਆਇਆ ਸੀ ਤਾਂ ਬਹੁਤ ਅਪਮਾਨ ਹੋਇਆ ਸੀ, ਪਰ ਮੀਡੀਆ ਨੇ ਜਦੋਂ ਸੱਚਾਈ ਪੇਸ਼ ਕੀਤੀ ਤਾਂ ਹੁਣ ਪੰਜਾਬ ਦੇ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ। ਭਾਵੇਂ ਕਿ ਸਰਕਾਰੀ ਤੌਰ 'ਤੇ ਕਿਸੇ ਨੇ ਉਸਦੀ ਸਾਰ ਹਾਲੇ ਵੀ ਨਹੀਂ ਲਈ, ਪਰ ਸੰਸਥਾਵਾਂ ਤੇ ਹੋਰ ਲੋਕਾਂ ਦਾ ਸਨਮਾਨ ਮਿਲ ਰਿਹਾ ਹੈ। ਉਨ੍ਹਾਂ ਨੂੰ ਖੁਸ਼ੀ ਹੋਈ ਕਿ ਸਾਬਕਾ ਮੁੱਖ ਮੰਤਰੀ ਦੀ ਧੀ ਨੇ ਵੀਡਿਓ ਕਾਲ ਕਰ ਕੇ ਉਸਨੂੰ ਭਰੋਸਾ ਦਿੱਤਾ। ਉਮੀਦ ਹੈ ਕਿ ਕੇੇਂਦਰ ਸਰਕਾਰ ਉਸਦੀ ਪੁਕਾਰ ਸੁਣੇਗੀ।