ਲੁਧਿਆਣਾ :ਲੁਧਿਆਣਾ ਦੇ 67 ਸਾਲ ਦੇ ਜਰਨੈਲ ਸਿੰਘ ਗਰਚਾ ਇਨ੍ਹੀਂ ਦਿਨੀ ਚਰਚਾ ਦਾ ਵਿਸ਼ਾ ਬੜੇ ਹੋਏ ਹਨ, ਜਿਸ ਉਮਰ ਵਿੱਚ ਅਕਸਰ ਹੀ ਬਜ਼ੁਰਗ ਡਾਕਟਰਾਂ ਦੇ ਕਲੀਨਕਾਂ ਵਿੱਚ ਗੇੜੇ ਕੱਢਦੇ ਹਨ, ਉਸ ਉਮਰ ਦੇ ਵਿੱਚ ਜਰਨੈਲ ਸਿੰਘ ਖੇਡ ਮੈਦਾਨ ਦੇ ਵਿੱਚ ਡਟੇ ਹੋਏ ਹਨ। ਆਸਟਰੇਲੀਆ ਇੰਟਰਨੈਸ਼ਨਲ ਮਾਸਟਰ ਗੇਮਸ ਦੇ ਵਿੱਚ ਉਹ ਇਹ ਇਕੱਲੇ ਹੀ ਭਾਰਤ ਦੇ ਝੰਡੇ ਗੱਡ ਕੇ ਆਏ ਹਨ। ਸੋਨੇ ਦੇ ਤਿੰਨ ਤਗਮੇ ਅਤੇ ਚਾਂਦੀ ਦੇ ਤਿੰਨ ਤਗਮੇ ਆਪਣੇ ਨਾਮ ਕੀਤੇ ਨੇ। ਫੌਜ ਦੇ ਵਿੱਚ ਸੇਵਾਵਾਂ ਨਿਭਾਉਣ ਤੋਂ ਬਾਅਦ ਉਹਨਾਂ ਨਗਰ ਨਿਗਮ ਦੇ ਵਿੱਚ ਨੌਕਰੀ ਕੀਤੀ ਅਤੇ ਹੁਣ ਸੇਵਾ ਮੁਕਤ ਹੋਣ ਤੋਂ ਬਾਅਦ ਗਰਾਊਂਡ ਦੇ ਵਿੱਚ ਆਪਣਾ ਜ਼ੋਰ ਵਿਖਾ ਰਹੇ ਹਨ।
ਮੁੱਢਲਾ ਜੀਵਨ: ਜਰਨੈਲ ਸਿੰਘ ਗਰਚਾ ਲੁਧਿਆਣਾ ਦੇ ਪਿੰਡ ਢੰਡਾਰੀ ਕਲਾ ਦੇ ਵਸਨੀਕ ਹਨ। ਉਹਨਾਂ ਨੇ ਆਪਣੀ ਮੁਢਲੀ ਪੜ੍ਹਾਈ ਲੁਧਿਆਣਾ ਦੇ ਵਿੱਚ ਹੀ ਕੀਤੀ ਹੈ, ਫਿਰ ਉਹਨਾਂ ਫੌਜ ਦੇ ਵਿੱਚ ਬਤੌਰ ਸਪੋਰਟਸ ਕੋਟੇ ਦੇ ਵਿੱਚ ਨੌਕਰੀ ਕੀਤੀ ਪਰ ਸੱਤ ਸਾਲ ਬਾਅਦ ਉਹਨਾਂ ਨੇ ਨੌਕਰੀ ਛੱਡ ਦਿੱਤੀ ਅਤੇ ਲੁਧਿਆਣਾ ਨਗਰ ਨਿਗਮ ਦੇ ਵਿੱਚ ਬਤੌਰ ਜੂਨੀਅਰ ਇੰਜੀਨੀਅਰ ਦੇ ਤੌਰ ਉੱਤੇ ਜੁਆਇਨ ਕੀਤਾ। ਸ਼ੁਰੂ ਤੋਂ ਹੀ ਉਹ ਕਬੱਡੀ ਦੇ ਅਤੇ ਐਲੀਟਿਕਸ ਦੇ ਚੋਟੀ ਦੇ ਖਿਡਾਰੀ ਰਹੇ ਹਨ। 1983 ਵਿੱਚ ਪੰਜਾਬ ਦੀ ਕਬੱਡੀ ਟੀਮ ਦੀ ਟੀਮ ਦੀ ਉਹ ਅਗਵਾਈ ਕਰਦੇ ਸਨ ਅਤੇ ਕੌਮੀ ਖੇਡਾਂ ਵਿੱਚ ਪੰਜਾਬ ਪਹਿਲੇ ਨੰਬਰ ਉੱਤੇ ਆਇਆ ਸੀ ਅਤੇ ਹਰਿਆਣਾ ਦੂਜੇ ਨੰਬਰ ਤੇ ਰਿਹਾ ਸੀ। ਸੇਵਾ ਮੁਕਤ ਹੋਣ ਤੋਂ ਬਾਅਦ ਉਹਨਾਂ ਫਿਰ ਖੇਡਾਂ ਦੇ ਵਿੱਚ ਨਾਮਨਾ ਖੱਟਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਖੇਡਾਂ ਆਪਣੇ ਪਿਤਾ ਤੋਂ ਪ੍ਰੇਰਿਤ ਹੋ ਕੇ ਸ਼ੁਰੂ ਕੀਤੀ ਸੀ ਉਹਨਾਂ ਦੇ ਪਿਤਾ ਪ੍ਰੀਤਮ ਸਿੰਘ ਨੈਸ਼ਨਲ ਹਾਕੀ ਦੇ ਖਿਡਾਰੀ ਰਹੇ ਹਨ।
ਖੇਡ ਸਫ਼ਰ: ਜਰਨੈਲ ਸਿੰਘ ਗਰਚਾ ਦੀ ਉਮਰ ਭਾਵੇਂ ਅੱਜ 67 ਸਾਲ ਦੀ ਹੈ ਪਰ ਉਹਨਾਂ ਦਾ ਖੇਡ ਦੇ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਕਬੱਡੀ ਦੇ ਨਾਲ ਉਹ ਐਥਲਿਟਿਕਸ ਦੇ ਵਿੱਚ ਆਪਣਾ ਦਮ ਵਿਖਾਉਂਦੇ ਰਹੇ ਹਨ। ਸਾਲ 2022 ਦੇ ਵਿੱਚ ਬੈਂਗਲੋਰ ਦੇ ਵਿੱਚ ਹੋਈਆਂ ਕੌਮੀ ਖੇਡਾਂ ਦੇ ਅੰਦਰ ਉਹਨਾਂ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ ਸੀ ਇਸ ਤੋਂ ਇਲਾਵਾ ਪੰਜਾਬ ਦੀ ਮਿਨੀ ਓਲੰਪਿਕ ਕਿਲਾ ਰਾਏਪੁਰ ਖੇਡਾ ਦੇ ਵਿੱਚ ਵੀ ਉਹ ਦੌੜਾਂ ਦੇ ਅੰਦਰ ਸੋਨੇ ਦਾ ਤਗਮਾ ਹਾਸਿਲ ਕਰ ਚੁੱਕੇ ਹਨ। ਇਹੀ ਨਹੀਂ ਆਸਟਰੇਲੀਅਨ ਮਾਸਟਰ ਇੰਟਰਨੈਸ਼ਨਲ ਖੇਡਾਂ ਦੇ ਵਿੱਚ 400 ਮੀਟਰ ਅੰਦਰ ਗੋਲਡ ਮੈਡਲ, 300 ਮੀਟਰ ਲੋ ਹਡਲ ਦੇ ਵਿੱਚ ਗੋਲਡ ਮੈਡਲ, 100 ਮੀਟਰ ਦੇ ਵਿੱਚ ਗੋਲਡ ਮੈਡਲ ਇਸ ਤੋਂ ਇਲਾਵਾ ਤਿੰਨ ਚਾਂਦੀ ਦੇ ਤਗਮੇ ਹਾਸਿਲ ਕਰ ਚੁੱਕੇ ਹਨ। ਆਸਟ੍ਰੇਲੀਆ ਦੇ ਵਿੱਚ ਉਹ ਗੋਰਿਆਂ ਨੂੰ ਵੀ ਮਾਤ ਦੇ ਚੁੱਕੇ ਨੇ। 2022 ਕਰਨਾਟਕ ਚ 11 ਮਈ ਤੋਂ 15 ਮਈ ਤੱਕ ਹੋਈਆਂ ਪੈਨ ਇੰਡੀਆ ਖੇਡਾਂ ਵਿੱਚ 400 ਮੀਟਰ ਦੌੜ, ਉੱਚੀ ਛਾਲ, 100 ਗੁਣਾ 400 ਮੀਟਰ ਰਿਲੇ ਰੇਸ ਚ ਵੀ ਮੈਡਲ ਹਾਸਿਲ ਕਰ ਚੁੱਕੇ ਹਨ।