ਲੁਧਿਆਣਾ: ਈਟੀਵੀ ਭਾਰਤ ਦੀ ਟੀਮ ਵੱਲੋਂ ਬੀਤੇ ਦਿਨੀਂ ਲੁਧਿਆਣਾ ਦੇ ਨੇੜੇ ਆਪਣੀ ਮਾਂ ਨਾਲ ਰਹਿੰਦੀਆਂ ਤਿੰਨ ਬੇਬੱਸ ਧੀਆਂ ਦੀ ਖਬਰ ਨਸ਼ਰ ਕੀਤੀ ਗਈ ਸੀ, ਜਿਸ ਤੋਂ ਬਾਅਦ ਖਬਰ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋਈ ਅਤੇ ਮਦਦ ਦੇ ਹੱਥ ਹੁਣ ਪਰਿਵਾਰ ਵੱਲ ਵਧਣ ਲੱਗੇ ਹਨ।
ਜਲੰਧਰ ਦੇ ਡੀਐੱਸਪੀ ਅਤੇ ਸਭ ਤੇਰਾ ਤੇਰਾ ਸੰਸਥਾ ਵੱਲੋਂ ਮੰਗਲਵਾਰ ਨੂੰ ਇਨ੍ਹਾਂ ਧੀਆਂ ਦੀ ਮਦਦ ਕੀਤੀ ਗਈ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਅਤੇ ਉਨ੍ਹਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਵਾਅਦਾ ਕੀਤਾ। ਇਸ ਦੇ ਨਾਲ ਹੀ ਪਰਿਵਾਰ ਦੀ ਮਾਲੀ ਮਦਦ ਕਰਨ ਦਾ ਵੀ ਇਸ ਸੰਸਥਾ ਅਤੇ ਡੀਐੱਸਪੀ ਨੇ ਵਾਅਦਾ ਕੀਤਾ। ਇਸ ਦੌਰਾਨ ਜਿੱਥੇ ਮਦਦ ਮਿਲਣ 'ਤੇ ਪਰਿਵਾਰ ਦੀਆਂ ਅੱਖਾਂ ਨਮ ਸਨ, ਉੱਥੇ ਹੀ ਪਰਿਵਾਰ ਨੇ ਡੀਐੱਸਪੀ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।
ਇਸ ਦੌਰਾਨ ਜਲੰਧਰ ਦੇ ਡੀਐੱਸਪੀ ਦਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਰਿਵਾਰ ਦੀ ਮਦਦ ਕੀਤੀ ਗਈ ਹੈ ਪਰ ਉਹ ਇਸ ਦਾ ਸੇਹਰਾ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਪਰਿਵਾਰ ਆਰਥਿਕ ਤੌਰ 'ਤੇ ਬਹੁਤ ਕਮਜ਼ੋਰ ਹੈ।
ਡੀਐੱਸਪੀ ਨੇ ਕਿਹਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਅਜਿਹੇ ਲੋਕ ਹੁੰਦੇ ਹਨ ਜੋ ਆਪਣੀਆਂ ਧੀਆਂ ਨਾਲ ਅਜਿਹਾ ਵਤੀਰਾ ਕਰਦੇ ਹਨ, ਇਹ ਸੁਣ ਕੇ ਉਨ੍ਹਾਂ ਨੂੰ ਕਾਫੀ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਬੱਚੀਆਂ ਪੜ੍ਹਨਾ ਚਾਹੁੰਦੀਆਂ ਹਨ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਜਿੰਨ੍ਹਾ ਵੀ ਹੋਵੇਗਾ, ਉਹ ਅਤੇ ਉਨ੍ਹਾਂ ਦੀ ਸੰਸਥਾ ਚੁੱਕੇਗੀ।