ਹਾਦਸੇ ਤੋਂ ਲੈ ਕੇ ਰੈਸਕਿਊ ਤੱਕ ਦੀ ਪੂਰੀ ਜਾਣਕਾਰੀ ਲੁਧਿਆਣਾ: ਜ਼ਿਲ੍ਹੇ ਦੇ ਬੱਦੋਵਾਲ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਅੱਜ ਵੱਡਾ ਹਾਦਸਾ ਵਾਪਰ ਗਿਆ ਪਰ ਇਸ ਰੇਸਕਿਉ ਆਪਰੇਸ਼ਨ ਦੇ ਵਿੱਚ ਬੱਦੋਵਾਲ ਸਥਿਤ ਆਈਟੀਬੀਪੀ ਦੇ ਜਵਾਨਾਂ ਨੇ ਅਹਿਮ ਭੂਮਿਕਾ ਅਦਾ ਕੀਤੀ। ਜੇਕਰ ਉਹ ਸਮੇਂ ਸਿਰ ਨਾ ਪਹੁੰਚਦੇ ਤਾਂ ਵੱਡਾ ਨੁਕਸਾਨ ਹੋ ਜਾਣਾ ਸੀ। ਈਟੀਵੀ ਭਾਰਤ ਨਾਲ ਵਿਸ਼ੇਸ਼ ਤੌਰ ਉੱਤੇ ਗੱਲਬਾਤ ਕਰਦੇ ਹੋਏ ਆਈਟੀਬੀਪੀ ਦੇ ਅਧਿਕਾਰੀ ਜਿਨ੍ਹਾਂ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਤਿੰਨ ਮਹਿਲਾ ਅਧਿਆਪਕਾਂ ਨੂੰ ਬਾਹਰ ਕੱਢਿਆ ਉਹਨਾਂ ਨੇ ਭਿਆਨਕ ਹਾਸਦੇ ਦੇ ਮੰਜ਼ਰ ਦੀਆਂ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ।
ਕੁੱਝ ਪਲਾਂ ਅੰਦਰ ਰਾਹਤ ਕਾਰਜ ਹੋਇਆ ਸ਼ੁਰੂ:ਆਈਟੀਬੀਪੀ ਦੇ ਅਧਿਕਾਰੀ ਦੇਸ ਰਾਜ ਨੇ ਦੱਸਿਆ ਕਿ 100 ਜਵਾਨਾਂ ਦੇ ਨਾਲ ਉਹ ਮੌਕੇ ਉੱਤੇ ਪਹੁੰਚ ਗਏ ਸਨ ਕਿਉਂਕਿ ਉਨ੍ਹਾਂ ਦੇ ਕੈਂਪ ਦੇ ਬਿਲਕੁਲ ਸਾਹਮਣੇ ਹੀ ਸਕੂਲ ਹੈ। ਜਦੋਂ ਉਹ ਸਕੂਲ ਦੇ ਅੰਦਰ ਪਹੁੰਚੇ ਤਾਂ ਸਟਾਫ਼ ਰੂਮ ਦਾ ਲੈਂਟਰ ਡਿੱਗਾ ਹੋਇਆ ਸੀ ਅਤੇ ਚਾਰ ਅਧਿਆਪਕ ਅੰਦਰ ਫਸੇ ਹੋਏ ਸਨ, ਜਿਨ੍ਹਾਂ ਦੀ ਉਨ੍ਹਾਂ ਨੂੰ ਆਵਾਜ਼ ਸੁਣਾਈ ਦੇ ਰਹੀ ਸੀ। ਉਹਨਾਂ ਨੇ ਤੁਰੰਤ ਆਪਣੇ ਕੈਂਪ ਤੋਂ ਕਟਰ ਮੰਗਵਾਏ ਅਤੇ ਰਾਹਤ ਕਾਰਜ ਸ਼ੁਰੂ ਕੀਤਾ।
ਤਿੰਨ ਅਧਿਆਪਕਾਂ ਦੀ ਬਚੀ ਜਾਨ:ਇਸ ਦੌਰਾਨ ਇੱਕ ਤੋਂ ਬਾਅਦ ਇੱਕ ਉਨ੍ਹਾਂ ਨੇ ਤਿੰਨ ਅਧਿਆਪਕਾਂ ਨੂੰ ਤੁਰੰਤ ਕੱਢ ਕੇ ਹਸਪਤਾਲ ਪਹੁੰਚਾਇਆ, ਜਿਸ ਕਰਕੇ ਤਿੰਨਾਂ ਅਧਿਆਪਕਾਂ ਦੀ ਜਾਨ ਬਚ ਗਈ। ਉਨ੍ਹਾਂ ਨੇ ਦੱਸਿਆ ਕਿ ਇੱਕ ਅਧਿਆਪਕਾ ਨੂੰ ਕੱਢਣ ਲਈ ਪੂਰਾ ਡੇਢ ਘੰਟਾ ਉਹ ਮੁਸ਼ੱਕਤ ਕਰਦੇ ਰਹੇ। ਜਿਸ ਤੋਂ ਬਾਅਦ ਉਸ ਅਧਿਆਪਕਾ ਨੂੰ ਬਾਹਰ ਕੱਢਿਆ। ਆਈਟੀਬੀਪੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਅਧਿਆਪਕਾਂ ਨੂੰ ਬਾਹਰ ਕੱਢ ਰਹੇ ਸਨ ਤਾਂ ਇੱਕ ਦੀ ਹਾਲਤ ਕਾਫੀ ਗੰਭੀਰ ਵੀ ਸੀ, ਜਿਸ ਦੀ ਬਾਅਦ ਵਿੱਚ ਮੌਤ ਵੀ ਹੋ ਗਈ।
ਆਈਟੀਬੀਪੀ ਦੇ ਅਧਿਕਾਰੀਆਂ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦੇ ਹੋਏ ਇਸ ਪੂਰੇ ਰਾਹਤ ਕਾਰਜ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਫਰਜ਼ ਸੀ ਕਿ ਲੋਕਾਂ ਦੀ ਜਾਨ ਬਚਾਈਏ। ਉਹਨਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਰਾਹਤ ਕਾਰਜ ਨਾ ਚਲਾਇਆ ਜਾਂਦਾ ਤਾਂ ਮੌਤਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਸੀ। ਮਿੱਟੀ ਨਾਲ ਲਿੱਬੜੇ ਹੋਏ ਲਿੜਿਆਂ ਵਿੱਚ ਖੜ੍ਹੇ ਆਈਟੀਬੀਪੀ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਜੱਦੋ-ਜਹਿਦ ਤੋਂ ਬਾਅਦ ਮਲਬੇ ਹੇਠ ਦਬਈਆਂ ਮਹਿਲਾ ਅਧਿਆਪਕਾਂ ਨੂੰ ਬਾਹਰ ਕੱਢਿਆ।