ਲੁਧਿਆਣਾ: ਉੱਤਰ ਭਾਰਤ ਦੇ ਨਾਲ ਪੰਜਾਬ 'ਚ ਸਤੰਬਰ ਮਹੀਨੇ ਦੇ ਪਹਿਲੇ ਦੋ ਹਫ਼ਤੇ ਗਰਮੀ ਨਾਲ ਭਰੇ ਰਹੇ ਹਨ, ਇਨ੍ਹਾਂ ਦਿਨਾਂ ਵਿੱਚ ਕਿਸੇ ਤਰ੍ਹਾਂ ਦੀ ਬਾਰਿਸ਼ ਵੇਖਣ ਨੂੰ ਨਹੀਂ ਮਿਲੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਂਦੇ ਦੋ ਦਿਨਾਂ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਹੋ ਸਕਦੀ ਹੈ। ਹਲਕੇ ਮੀਂਹ ਦੀ ਸੰਭਾਵਨਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਸਹਾਇਕ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਔਸਤਨ ਮੀਂਹ ਪਿਆ ਹੈ ਪਰ ਜੂਨ ਅਤੇ ਸਤੰਬਰ ਵਿੱਚ ਔਸਤਨ ਨਾਲੋਂ ਫਿਲਹਾਲ ਘੱਟ ਮੀਂਹ ਪਿਆ ਹੈ। ਉਨ੍ਹਾਂ ਦੱਸਿਆ ਕਿ ਰਾਤ ਅਤੇ ਦਿਨ ਦੇ ਪਾਰੇ ਵਿੱਚ ਵਾਧਾ ਹੋਇਆ ਹੈ। ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਕਰੀਬ ਹੈ ਜਦੋਂ ਕਿ ਘੱਟੋਂ ਘੱਟ ਤਾਪਮਾਨ ਵੀ 25 ਡਿਗਰੀ ਰਿਕਾਰਡ ਕੀਤਾ ਗਿਆ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦਿਨ ਅਤੇ ਰਾਤ ਦੋਵੇਂ ਸਮੇਂ ਦੌਰਾਨ ਗਰਮੀ ਜ਼ਿਆਦਾ ਪੈ ਰਹੀ ਹੈ।