ਇਨਵੈਸਟਰ ਸਮਿਟ ਪੰਜਾਬ ‘ਚ ਉਦਯੋਗਪਤੀਆਂ ਦੀ ਚੰਨੀ ਸਰਕਾਰ ਨੂੰ ਸਲਾਹ - ਪੰਜਾਬ ਸਰਕਾਰ
ਇਨਵੈਸਟ ਸਮਿਟ ਪੰਜਾਬ ਦੇ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ (Finance Minister Manpreet Badal) ਨੇ 99 ਹਜ਼ਾਰ ਕਰੋੜ ਇਨਵੈਸਟਮੈਂਟ (Investment) ਕਰਨ ਦਾ ਦਾਅਵਾ ਕੀਤਾ ਹੈ। ਇਸ ਮੌਕੇ ਸਨਅਤਕਾਰਾਂ ਨੇ ਕਿਹਾ ਜੋ ਸਰਕਾਰ ਵੱਲੋਂ ਗੱਲਾਂ ਕਹੀਆਂ ਗਈਆਂ ਹਨ ਉਸ ਨੂੰ ਲੈਕੇ ਉਨ੍ਹਾਂ ਦੇ ਵਿੱਚ ਉਮੀਦ ਜਾਗੀ ਹੈ ਪਰ ਮੌਜੂਦਾ ਇੰਡਸਟਰੀ ਲਈ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ ਤਾਂ ਹੀ ਨਵੇਂ ਇਨਵੈਸਟਰ (New investors) ਆਉਣਗੇ।
ਲੁਧਿਆਣਾ: ਪ੍ਰੋਗ੍ਰੈਸਿਵ ਇਨਵੈਸਟਰ ਸਮਿਟ ਪੰਜਾਬ (Progressive Investor Summit Punjab) ਲੁਧਿਆਣਾ ਦੇ ਵਿੱਚ ਮੁੱਲਾਂਪੁਰ ਦਾਖਾ ਨੇੜੇ ਕਿੰਗਜ਼ ਵਿਲਾ ਪੈਲੇਸ ‘ਚ ਕਰਵਾਇਆ ਗਿਆ। ਇਸ ਸਮਿਟ ਦੇ ਵਿੱਚ ਦੇਸ਼ ਦੀਆਂ ਚੋਟੀ ਦੀਆਂ ਕੰਪਨੀਆਂ ਜਿੰਨ੍ਹਾਂ ਵਿੱਚ ਹੁਸ਼ਿਆਰਪੁਰ ਤੋਂ ਜਾਪਾਨੀ ਸਹਿਯੋਗ ਯਾਨਮਾਰ ਇੰਡੀਆ ਨਾਲ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ, ਨਿੱਜੀ ਖੇਤਰ ਵਿੱਚ ਭਾਰਤ ਦੀ ਸਭ ਤੋਂ ਵੱਡੀ ਪੈਟਰੋਲੀਅਮ ਰਿਫਾਇਨਰੀ- ਐਚ.ਐਮ.ਈ.ਐਲ, ਬਠਿੰਡਾ, ਕਪੂਰਥਲਾ ਦੀ ਆਈ.ਟੀ.ਸੀਜ਼ ਦੀ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਫੂਡ ਪ੍ਰੋਸੈਸਿੰਗ ਯੂਨਿਟ, ਆਰਤੀ ਸਟੀਲ-ਈ.ਵੀ. ਜਾਇੰਟ ਟੈਸਲਾ ਦੀ ਆਲਮੀ ਚੇਨ ਦਾ ਹਿੱਸਾ, ਟੋਨਸਾ (ਮੋਹਾਲੀ) ਫਾਰਮਾਸਿਊਟੀਕਲ ਸਹੂਲਤਾਂ, ਬਰਨਾਲਾ ਦੀ ਟ੍ਰਾਈਡੈਂਟ ਯੂਨਿਟ ਅਤੇ ਹੀਰੋ ਸਾਈਕਲਜ਼ ਸ਼ਾਮਿਲ ਹੋਈਆਂ ਹਨ। ਸ਼ਾਮਿਲ ਹੋਈਆਂ ਕੰਪਨੀਆਂ ਨੂੰ ਲੈਕੇ ਮੁੱਖ ਮੰਤਰੀ ਨੇ ਇੰਨ੍ਹਾਂ ਕੰਪਨੀਆਂ ਵੱਲੋਂ ਸੂਬੇ ਦੇ ਉਦਯੋਗਿਕ ਵਿਕਾਸ ਵਿੱਚ ਪਾਏ ਅਥਾਹ ਯੋਗਦਾਨ `ਤੇ ਚਾਨਣਾ ਪਾਇਆ। ਚੰਨੀ ਨੇ ਕਿਹਾ ਕਿ ਇਹ ਸਭ ਕੁਝ ਸੂਬੇ ਵਿੱਚ ਸੁਖਾਵੇਂ ਮਾਹੌਲ ਤੋਂ ਬਿਨਾਂ ਸੰਭਵ ਨਹੀਂ ਸੀ।
ਕਿਹੜੀਆਂ ਕੰਪਨੀਆਂ ਨੇ ਕੀਤਾ ਨਿਵੇਸ਼
ਪੰਜਾਬ ਦੀਆਂ ਪਹਿਲਕਦਮੀਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ, ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਕਿਹਾ ਕਿ ਇੱਕ ਪੰਜਾਬ ਸਰਕਾਰ (Government of Punjab) ਦੀਆਂ ਉਦਾਰਵਾਦੀ ਨੀਤੀਆਂ ਦੇ ਨਾਲ ਉਨ੍ਹਾਂ ਦੇ ਉਦਯੋਗ ਨੇ ਬੇਮਿਸਾਲ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਮੌਕੇ `ਤੇ ਉਨ੍ਹਾਂ ਨੇ ਆਪਣੇ ਕਾਰੋਬਾਰ ਵਿੱਚ 2,000 ਕਰੋੜ ਰੁਪਏ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ਦੌਰਾਨ ਚੇਅਰਮੈਨ ਅਤੇ ਐਮਡੀ, ਐਚਯੂਐਲ ਸੰਜੀਵ ਮਹਿਤਾ ਨੇ 1200 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਅਤੇ ਅਮਿੱਟੀ ਯੂਨੀਵਰਸਿਟੀ ਦੇ ਚਾਂਸਲਰ ਡਾ. ਅਤੁਲ ਚੌਹਾਨ ਨੇ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਅਗਲੇ ਦੋ ਸਾਲਾਂ ਵਿਚ 300 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਐਲਾਨ ਕੀਤਾ ਕਿ ਸੂਬੇ ਵਿਚ ਛੇਤੀ ਹੀ ਤੀਜੀ ਟਰੈਕਟਰ ਫੈਕਟਰੀ ਲਾਈ ਜਾਵੇਗੀ ਅਤੇ ਪਠਾਨਕੋਟ ਨੇੜੇ ਹੋਟਲ ਪ੍ਰਾਜੈਕਟ ਵਿਕਸਤ ਕੀਤਾ ਜਾਵੇਗਾ।