ਖੰਨਾ :ਖੰਨਾ 'ਚ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਇਸ ਗਿਰੋਹ ਦੇ 4 ਮੈਂਬਰਾਂ ਨੂੰ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ। ਇਨ੍ਹਾਂ ਵਿੱਚ 1 ਵਕੀਲ, 1 ਲਾਅ ਵਿਦਿਆਰਥੀ, 1 ਬੀਬੀਏ ਦਾ ਵਿਦਿਆਰਥੀ ਸ਼ਾਮਲ ਹੈ। ਮੁੱਢਲੀ ਤਫਤੀਸ਼ ਦੌਰਾਨ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਆਇੰਟ 32 ਬੋਰ ਦਾ 1 ਪਿਸਤੌਲ, 2 ਮੈਗਜ਼ੀਨ, 13 ਕਾਰਤੂਸ, ਪੁਆਇੰਟ 315 ਬੋਰ ਦਾ 1 ਦੇਸੀ ਕੱਟਾ, 6 ਕਾਰਤੂਸ ਤੋਂ ਇਲਾਵਾ 2 ਕਾਰਾਂ ਬਰਾਮਦ ਕੀਤੀਆਂ ਗਈਆਂ। ਮੁਲਜ਼ਮਾਂ ਦੀ ਪਛਾਣ ਮੇਰਠ ਦੇ ਹਾਪੜ ਨਗਰ ਦੇ ਰਹਿਣ ਵਾਲੇ 24 ਸਾਲਾ ਪ੍ਰਸ਼ਾਂਤ ਕੌਰਾ, 22 ਸਾਲਾ ਕ੍ਰਿਸ ਲਾਰੈਂਸ, ਸਦਰ ਬਾਜ਼ਾਰ ਮੇਰਠ ਕੈਂਟ ਦੇ ਰਹਿਣ ਵਾਲੇ ਆਰਜੇ ਰੂਪਕ ਜੋਸ਼ੀ (21) ਅਤੇ ਪੱਖੋਵਾਲ ਰੋਡ ਲੁਧਿਆਣਾ ਦੇ ਰਹਿਣ ਵਾਲੇ ਕਰਮਬੀਰ ਸਿੰਘ (32) ਵਜੋਂ ਹੋਈ।
ਪੁਲਿਸ ਨੇ ਨਾਕਾਬੰਦੀ ਦੌਰਾਨ ਕਾਬੂ ਕੀਤੇ ਤਸਕਰ :ਖੰਨਾ ਦੀ ਐਸਪੀ (ਇਨਵੈਸਟੀਗੇਸ਼ਨ) ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਐਸਐਸਪੀ ਅਮਨੀਤ ਕੌਂਡਲ ਦੀਆਂ ਹਦਾਇਤਾਂ ਅਨੁਸਾਰ ਸੀਆਈਏ ਸਟਾਫ਼ ਦੀ ਟੀਮ ਨੇ ਅਪਰਾਧਿਕ ਅਨਸਰਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਜੀਟੀ ਰੋਡ ਦੋਰਾਹਾ ਸਥਿਤ ਪਨਸਪ ਗੋਦਾਮ ਨੇੜੇ ਨਾਕਾਬੰਦੀ ਕੀਤੀ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪ੍ਰਸ਼ਾਂਤ ਕੌਰਾ ਅਤੇ ਕ੍ਰਿਸ ਲਾਰੈਂਸ ਜੋ ਕਿ ਮੇਰਠ ਦੇ ਰਹਿਣ ਵਾਲੇ ਹਨ, ਪੰਜਾਬ 'ਚ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਹਨ। ਇਨ੍ਹਾਂ ਦੋਵਾਂ ਨੇ ਕੁਝ ਦਿਨ ਪਹਿਲਾਂ 1 ਪਿਸਤੌਲ ਲੁਧਿਆਣਾ ਦੇ ਕਰਮਬੀਰ ਸਿੰਘ ਨੂੰ ਦਿੱਤਾ ਸੀ। ਦੋਵੇਂ ਮੈਗਜ਼ੀਨ ਅਤੇ ਕਾਰਤੂਸ ਦੇਣ ਲਈ ਲੁਧਿਆਣਾ ਕਰਮਬੀਰ ਕੋਲ ਜਾ ਰਹੇ ਸਨ। ਨਾਕਾਬੰਦੀ ਦੌਰਾਨ ਯੂਪੀ ਨੰਬਰ ਵਾਲੀ ਟਾਟਾ ਨੈਕਸਨ ਕਾਰ ਨੂੰ ਰੋਕਦੇ ਹੋਏ ਪ੍ਰਸ਼ਾਂਤ ਅਤੇ ਕ੍ਰਿਸ਼ ਨੂੰ ਕਾਬੂ ਕੀਤਾ ਗਿਆ। ਦੋਵਾਂ ਕੋਲੋਂ 2 ਮੈਗਜ਼ੀਨ ਅਤੇ 13 ਕਾਰਤੂਸ ਬਰਾਮਦ ਹੋਏ। ਉਹਨਾਂ ਦੀ ਨਿਸ਼ਾਨਦੇਹੀ 'ਤੇ ਕਰਮਬੀਰ ਦੀ ਓਪਟਰਾ ਕਾਰ 'ਚੋਂ ਪਿਸਤੌਲ ਬਰਾਮਦ ਕਰ ਕੇ ਉਸਨੂੰ ਵੀ ਗ੍ਰਿਫਤਾਰ ਕੀਤਾ ਗਿਆ। ਤਿੰਨਾਂ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਆਰਕੇ ਰੂਪਕ ਜੋਸ਼ੀ ਤੋਂ ਹਥਿਆਰ ਲੈ ਕੇ ਆਏ ਸਨ। ਇਸਤੋਂ ਬਾਅਦ ਰੂਪਕ ਜੋਸ਼ੀ ਨੂੰ ਨਾਮਜ਼ਦ ਕਰ ਕੇ ਮੇਰਠ ਤੋਂ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ 1 ਦੇਸੀ ਕੱਟਾ ਅਤੇ 6 ਕਾਰਤੂਸ ਬਰਾਮਦ ਹੋਏ।