ਲੁਧਿਆਣਾ: ਪੁਲਿਸ ਨੇ ਬਲੈਕਮੇਲਿੰਗ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਇਕ ਸੋਸ਼ਲ ਮੀਡੀਆ ਸਟਾਰ ਕੁੜੀ ਜਸਨੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਉਪਰ ਸੋਸ਼ਲ ਮੀਡੀਆ ਰਾਹੀਂ ਬਲੈਕਮੇਲ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਮਾਡਲ ਟਾਊਨ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਜਸਨੀਤ ਕੌਰ ਉਰਫ਼ ਰਾਜਵੀਰ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਸੋਸ਼ਲ ਮੀਡੀਆ ਉੱਤੇ ਆਪਣੀ ਵੀਡੀਓਜ਼ ਅਪਲੋਡ ਕਰਦੀ ਹੈ ਅਤੇ ਕਾਫੀ ਚਰਚਿਤ ਹੈ।
ਕੀ ਹੈ ਮਾਮਲਾ: ਜਾਣਕਾਰੀ ਦਿੰਦੇ ਹੋਏ ਮਾਡਲ ਟਾਊਨ ਦੀ ਥਾਣਾ ਇੰਚਾਰਜ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਲੋਕਲ ਵਾਸੀ ਤੇ ਕਾਰੋਬਾਰੀ ਗੁਰਬੀਰ ਸਿੰਘ ਗਰਚਾ ਦੀ ਸ਼ਿਕਾਇਤ ਆਉਣ ਉੱਤੇ ਜਸਨੀਤ ਕੌਰ ਉੱਤੇ ਧਮਕੀਆਂ ਦੇਣ ਦਾ ਮਾਮਲਾ ਦਰਜਾ ਕਰਵਾਇਆ ਹੈ। ਗੁਰਬੀਰ ਸਿੰਘ ਨੇ ਇਸ ਤੋਂ ਪਹਿਲਾਂ ਵੀ ਮੋਹਾਲੀ ਵਿਖੇ ਜਸਨੀਤ ਕੌਰ ਉੱਤੇ ਬਲੈਕਮੇਲ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਹੁਣ ਸ਼ਿਕਾਇਤ ਮਿਲਣ ਉੱਤੇ ਜਸਨੀਤ ਕੌਰ ਉਰਫ਼ ਰਾਜਵੀਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਰਾਜਵੀਰ ਕੌਰ, ਸੋਸ਼ਲ ਮੀਡੀਆ ਉੱਤੇ ਜਸਨੀਤ ਕੌਰ ਦੇ ਨਾਂਅ ਤੋਂ ਕਾਫੀ ਚਰਚਿਤ ਹੈ। ਇੰਸਟਾਗ੍ਰਾਮ ਉੱਤੇ ਹੈ ਅਕਸਰ ਆਪਣੀਆਂ ਵੀਡੀਓਜ਼ ਅਪਲੋਡ ਕਰਦੀ ਸੀ।
ਬਲੈਕ ਮੇਲਿੰਗ ਅਤੇ ਧਮਕੀਆਂ ਦੇਣ ਦੇ ਦੋਸ਼:ਐਸਐਚਓਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਜਸਨੀਤ ਉੱਤੇ ਬਲੈਕ ਮੇਲਿੰਗ ਅਤੇ ਧਮਕੀਆਂ ਦੇਣ ਦੇ ਦੋਸ਼ ਲੱਗੇ ਹਨ। ਉਸ ਦੇ ਗੈਂਗਸਟਰਾਂ ਨਾਲ ਲਿੰਕ ਹੋਣ ਦੇ ਵੀ ਦੋਸ਼ ਹਨ। ਉਨ੍ਹਾਂ ਕਿਹਾ ਫਿਲਹਾਲ ਇਸ ਮਾਮਲੇ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਸਨੀਤ ਕੌਰ 'ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਹੁਣ ਪੁੱਛਗਿਛ ਤੋਂ ਬਾਅਦ ਖੁਲਾਸੇ ਹੋਣਗੇ। ਜਸਨੀਤ ਕੌਰ ਸਣੇ ਉਸ ਦੇ ਹੋਰ ਸਾਥੀ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਗੁਰਬੀਰ, ਜਿਸ ਦੇ ਪਿਤਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਪੋਰੇਟਰ ਸੀ, ਨੂੰ ਫਿਰੌਤੀ ਦੀਆਂ ਕਾਲਾਂ ਕੀਤੀਆਂ ਸਨ। ਇਸ ਤੋਂ ਬਾਅਦ ਐਤਵਾਰ ਨੂੰ ਮਾਡਲ ਟਾਊਨ ਪੁਲਿਸ ਨੇ ਜਸਨੀਤ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ।