ਲਘੂ ਉਦਯੋਗ ਚਲਾ ਰਹੇ ਸਨਅਤਕਾਰਾਂ 'ਤੇ ਲਟਕੀ ਤਲਵਾਰ, ਹਜ਼ਾਰਾਂ ਸਨਅਤਕਾਰਾਂ ਸਮੇਤ ਲੇਬਰ ਨੂੰ ਪਵੇਗੀ ਮਾਰ, ਜਾਣੋ ਕੀ ਹੈ ਮਾਮਲਾ ਲੁਧਿਆਣਾ:ਪੰਜਾਬ ਵਿੱਚ ਮਿਕਸ ਲੈਂਡ ਯੂਜ਼ ਉੱਤੇ ਹੁਣ ਤਲਵਾਰ ਲਟਕ ਰਹੀ ਹੈ, ਜਿਸ ਨੂੰ ਲੈ ਕੇ ਹੁਣੇ ਆਪਣੇ ਘਰਾਂ ਦੇ ਵਿੱਚ ਛੋਟੀਆਂ ਫੈਕਟਰੀਆਂ ਚਲਾਉਣ ਵਾਲਿਆਂ ਨੂੰ ਫੈਕਟਰੀ ਬੰਦ ਹੋਣ ਦਾ ਡਰ ਸਤਾ ਰਿਹਾ ਹੈ। ਸਤੰਬਰ ਤੱਕ ਦਾ ਆਖਰੀ ਸਮਾਂ ਦਿੱਤਾ ਗਿਆ ਹੈ ਅਤੇ ਛੋਟੇ ਸਨਅਤਕਾਰਾਂ ਨੂੰ ਪਲਾਇਨ ਕਰਨ ਲਈ ਥਾਂ ਵੀ ਨਿਰਧਾਰਿਤ ਨਹੀਂ ਕੀਤੀ ਗਈ। ਜਿਸ ਕਰਕੇ ਮਿਕਸ ਲੈਂਡ ਯੂਜ਼ ਅਤੇ ਫੈਕਟਰੀਆਂ ਚਲਾਉਣ ਵਾਲੇ ਕਾਰੋਬਾਰੀ ਸਰਕਾਰ ਦੇ ਵਿਰੋਧ ਵਿੱਚ ਨਿੱਤਰ ਆਏ ਨੇ। ਲੁਧਿਆਣਾ ਦੀਆਂ 72 ਥਾਵਾਂ ਉੱਤੇ 50 ਹਜ਼ਾਰ ਦੇ ਕਰੀਬ ਮਿਕਸ ਲੈਂਡ ਯੂਜ਼ ਅਤੇ ਫੈਕਟਰੀਆਂ ਚੱਲ ਰਹੀਆਂ ਨੇ। ਪੰਜਾਬ ਸਰਕਾਰ ਨੇ ਇਨ੍ਹਾਂ ਦੀ ਮਿਆਦ ਵਧਾਉਣ ਦਾ ਵਾਅਦਾ ਕੀਤਾ ਸੀ ਅਤੇ 5 ਸਾਲ ਹੋਰ ਮਿਆਦ ਵਧਾਉਣ ਦੀ ਗੱਲ ਕਹੀ ਸੀ ਪਰ ਹੁਣ ਤੱਕ ਇੰਡਸਟਰੀ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਜਾ ਰਹੀ।
ਕੀ ਹੈ ਮਿਕਸ ਲੈਂਡ ਯੂਜ਼: ਸਾਲ 2008 ਵਿੱਚ ਪੰਜਾਬ ਰੀਜ਼ਨਲ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਬੋਰਡ ਨੇ ਲੁਧਿਆਣਾ ਸ਼ਹਿਰ ਸਮੇਤ ਪੰਜਾਬ ਦੇ ਵੱਡੇ ਸ਼ਹਿਰਾਂ ਲਈ ਮਾਸਟਰ ਪਲਾਨ ਤਿਆਰ ਕੀਤਾ ਸੀ। ਇਸ ਯੋਜਨਾ ਨੂੰ ਤਿਆਰ ਕਰਨ ਸਮੇਂ ਕਈ ਕਮੀਆਂ ਸਨ। ਇਸ ਵਿੱਚ 70 ਫੀਸਦੀ ਤੋਂ ਵੱਧ ਉਦਯੋਗਾਂ ਵਾਲੇ 72 ਖੇਤਰਾਂ ਨੂੰ ਮਿਸ਼ਰਤ ਭੂਮੀ ਵਰਤੋਂ ਅਤੇ ਰਿਹਾਇਸ਼ੀ ਖੇਤਰ ਘੋਸ਼ਿਤ ਕੀਤਾ ਗਿਆ ਸੀ। ਜਦੋਂ ਕਿ ਕਾਰੋਬਾਰੀਆਂ ਨੇ ਇਨ੍ਹਾਂ 72 ਖੇਤਰਾਂ ਨੂੰ ਸਨਅਤੀ ਖੇਤਰ ਐਲਾਨੇ ਜਾਣ ਦੀ ਮੰਗ ਕੀਤੀ ਸੀ। ਇਸ ਵਿੱਚ ਉਹ ਇਲਾਕੇ ਜਿਨ੍ਹਾਂ ਵਿੱਚ ਘਰਾਂ ਅੰਦਰ 70 ਫੀਸਦੀ ਤੱਕ ਛੋਟੀਆਂ ਇਕਾਈਆਂ ਸ਼ਾਮਿਲ ਨੇ ਉਸ ਨੂੰ ਮਿਕਸ ਲੈਂਡ ਐਲਾਨਿਆ ਗਿਆ ਸੀ।
ਕਿਊਂ ਕੀਤਾ ਜਾ ਰਿਹਾ ਬੰਦ?:ਦਰਅਸਲ ਪ੍ਰਦੂਸ਼ਣ ਕਰਕੇ ਇਨ੍ਹਾਂ ਇਲਾਕਿਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ, ਲੁਧਿਆਣਾ ਵਿੱਚ ਗਿੱਲ ਰੋਡ, ਸ਼ਿਮਲਾ ਪੂਰੀ, ਢੰਡਾਰੀ, ਡਾਬਾ, ਜਨਤਾ ਨਗਰ, ਗੁਰੂ ਨਾਨਕ ਦੇਵ ਨਗਰ, ਗਿਆਸਪੁਰਾ, ਆਤਮ ਨਗਰ, ਸ਼ਾਮ ਨਗਰ, ਕੋਟ ਮੰਗਲ ਸਿੰਘ, ਸ਼ਿਵ ਪੂਰੀ, ਪ੍ਰਤਾਪ ਨਗਰ, ਬਚਿੱਤਰ ਨਗਰ ਅਤੇ ਹੋਰ ਅਜਿਹੇ 72 ਇਲਾਕੇ ਨੇ ਜਿਨ੍ਹਾਂ ਨੂੰ ਮਿਕਸ ਲੈਂਡ ਐਲਾਨਿਆ ਗਿਆ ਸੀ। ਇਨ੍ਹਾਂ ਇਲਾਕਿਆਂ ਨੂੰ ਹੁਣ ਪ੍ਰਦੂਸ਼ਣ ਕਰਕੇ ਬੰਦ ਕੀਤਾ ਜਾ ਰਿਹਾ ਹੈ ਅਤੇ ਫੈਕਟਰੀਆਂ ਨੂੰ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ।
ਕਾਰੋਬਾਰੀਆਂ ਦੀਆਂ ਮੰਗਾਂ: ਇਸ ਪੂਰੇ ਮਾਮਲੇ ਨੂੰ ਲੈ ਕੇ ਕਾਰੋਬਾਰੀਆਂ ਨੇ ਕਿਹਾ ਹੈ ਕਿ 72 ਇਲਾਕਿਆਂ ਦੇ ਵਿੱਚ 70 ਫ਼ੀਸਦੀ ਘਰਾਂ ਦੇ ਅੰਦਰ ਇੰਡਸਟਰੀ ਚੱਲਦੀ ਹੈ। ਇਸ ਕਰਕੇ ਸਰਕਾਰ ਨੂੰ ਇਸ ਨੂੰ ਬੰਦ ਕਰਨ ਦੀ ਥਾਂ ਉੱਤੇ ਇੰਡਸਟਰੀ ਏਰੀਆ ਐਲਾਨਣਾ ਚਾਹੀਦਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ 50 ਹਜ਼ਾਰ ਫੈਕਟਰੀਆਂ ਦੇ ਨਾਲ ਲੱਖਾਂ ਪਰਿਵਾਰਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੈ, ਅਜਿਹਾ ਕਰਨ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਣਗੇ ਅਤੇ ਲੇਬਰ ਵੀ ਵਿਹਲੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਨੂੰ ਕੋਈ ਹੋਰ ਥਾਂ ਵੀ ਨਹੀਂ ਦਿੱਤੀ ਗਈ ਅਤੇ ਜੇਕਰ ਸਾਨੂੰ ਇੱਥੋਂ ਜਾਣਾ ਹੋਵੇਗਾ ਤਾਂ ਅਸੀਂ ਜਾ ਨਹੀਂ ਸਕਦੇ ਕਿਉਂਕਿ ਛੋਟੇ ਪਲਾਟ ਇੰਡਸਟਰੀ ਇਲਾਕੇ ਅਤੇ ਫੋਕਲ ਪੁਆਇੰਟ ਵਿੱਚ ਨਹੀਂ ਰੱਖੇ ਗਏ ਜਿਸ ਕਰਕੇ ਉਹ ਪਹਿਲਾਂ ਹੀ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਨੇ ਅਤੇ ਅਜਿਹੇ ਹਾਲਾਤਾਂ ਵਿੱਚ ਉਹ ਹੋਰ ਖਤਰਾ ਨਹੀਂ ਚੁੱਕ ਸਕਦੇ।
ਇਹ ਵੀ ਪੜ੍ਹੋ:Khalistani slogans and flag: ਗਰਲਜ਼ ਕਾਲਜ ਦੀਆਂ ਕੰਧਾਂ 'ਤੇ ਲਿਖੇ ਗਏ ਖਾਲਿਸਤਾਨੀ ਨਾਅਰੇ, ਲਾਏ ਐੱਸਐੱਫਜੇ ਦੇ ਝੰਡੇ