ਲੁਧਿਆਣਾ: ਪੰਜਾਬੀ ਵਿੱਚ ਇੱਕ ਕਹਾਵਤ ਹੈ ਕਿ ਚੜ੍ਹਦੇ ਸੂਰਜ ਨੂੰ ਹਮੇਸ਼ਾ ਹੀ ਸਲਾਮਾਂ ਹੁੰਦੀਆਂ ਹਨ। ਲੁਧਿਆਣਾ ਦਾ ਜੋ ਇਹ ਮਾਮਲਾ ਆਇਆ ਹੈ, ਉਸ ਉੱਤੇ ਇਹ ਕਹਾਵਤ ਸਹੀ ਢੁੱਕਦੀ ਹੈ।
ਲੁਧਿਆਣਾ ਦੇ ਰਾਜਵੀਰ ਨਾਲ ਵੀ ਕੁੱਝ ਅਜਿਹਾ ਹੀ ਹੋਇਆ ਹੈ। ਇਹ ਰਾਜਵੀਰ ਨਾਂਅ ਦਾ ਨੌਜਵਾਨ ਦਿਮਾਗੀ ਪੱਖੋਂ ਕਮਜ਼ੋਰ ਅਤੇ ਜ਼ਿਆਦਾ ਹੁਸ਼ਿਆਰ ਨਹੀਂ, ਉਸ ਨੇ ਫ਼ਿਰ ਵੀ ਭਾਰਤ ਦੀ ਝੋਲੀ ਵਿੱਚ ਸੋਨੇ ਦਾ ਤਮਗ਼ਾ ਪਾਇਆ ਹੈ।
ਪੈਰਾਲੰਪਿਕ ਖੇਡਾਂ 'ਚ ਸੋਨ ਤਮਗ਼ਾ ਜੇਤੂ ਇਲਾਜ ਤੋਂ ਖੁੰਝਿਆ, ਨਹੀਂ ਮਿਲ ਰਹੀ ਸਰਕਾਰੀ ਮਦਦ ਰਾਜਵੀਰ ਨੇ ਸਾਲ 2015 ਵਿੱਚ ਅਮਰੀਕਾ ਦੇ ਲੌਸ ਐਂਜਲਸ ਵਿੱਚ ਹੋਈਆਂ ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ। ਉਹ 100 ਮੀਟਰ ਅਤੇ 400 ਮੀਟਰ ਦੀ ਮੈਰਾਥਨ ਭੱਜਿਆ, ਜਿਸ ਵਿੱਚ ਉਸ ਨੇ ਸੋਨੇ ਦੇ ਤਮਗ਼ੇ ਹਾਸਲ ਕੀਤੇ।
ਇਸ ਤੋਂ ਇਲਾਵਾ ਵੀ ਉਸ ਨੇ ਕਈ ਹੋਰ ਤਮਗ਼ੇ ਅਤੇ ਸਰਟੀਫ਼ਿਕੇਟ ਪ੍ਰਾਪਤ ਕੀਤੇ ਹਨ। ਪਰ ਹੁਣ ਰਾਜਵੀਰ ਦਾ ਪਰਿਵਾਰ ਉਸ ਦਾ ਇਲਾਜ ਕਰਵਾਉਣ ਵਿੱਚ ਅਸਮਰੱਥ ਹੈ।
ਲੁਧਿਆਣਾ ਦੇ ਨਾਲ ਪੈਂਦੇ ਪਿੰਡ ਸਿਹਾੜ ਵਿੱਚ ਰਹਿੰਦੇ ਬਲਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਪੈਰਾਲੰਪਿਕ ਖੇਡਾਂ ਵਿੱਚ ਸੋਨ ਤਮਗ਼ੇ ਜਿੱਤ ਕੇ ਜਦੋਂ ਵਾਪਸ ਆਇਆ ਤਾਂ ਤਤਕਾਲੀ ਮੰਤਰੀ ਅਤੇ ਵਿਧਾਇਕ ਉਸ ਨੂੰ ਲੈਣ ਦੇ ਵਾਸਤੇ ਏਅਰਪੋਰਟ ਵੀ ਗਏ, ਉਸ ਦਾ ਫ਼ੁੱਲਾਂ ਨਾਲ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਦੇ ਭਰੋਸੇ ਦਿੱਤੇ ਗਏ।
ਇੱਥੋਂ ਤੱਕ ਕਿ ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਖ਼ੁਦ ਰਾਜਵੀਰ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਸੀ, ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਨਾਲ ਮਾਲੀ ਮਦਦ ਦਾ ਵੀ ਐਲਾਨ ਕੀਤਾ ਸੀ। ਪਰ ਨਾ ਤਾਂ ਪੈਸੇ ਮਿਲੇ ਅਤੇ ਨਾ ਹੀ ਕੋਈ ਨੌਕਰੀ।
ਪਿਤਾ ਨੇ ਦੱਸਿਆ ਕਿ ਇੱਕ ਦਿਨ ਉਹ ਜਦੋਂ ਟ੍ਰੇਨਿੰਗ ਕਰ ਰਿਹਾ ਸੀ ਤਾਂ ਅਚਾਨਕ ਉਹ ਡਿੱਗ ਗਿਆ ਅਤੇ ਉਸ ਦੇ ਦਿਮਾਗ ਵਿੱਚ ਕਾਫ਼ੀ ਸੱਟ ਵੱਜੀ। ਸੱਟ ਬਹੁਤ ਹੀ ਭਿਆਨਕ ਸੀ ਅਤੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਉਸ ਦਾ ਇਲਾਜ ਨਾ ਕਰਵਾ ਸਕਿਆ। ਇਲਾਜ ਵਿੱਚ ਦੇਰੀ ਕਾਰਨ ਉਸ ਦੇ ਦਿਮਾਗ ਵਿੱਚ ਪੱਸ ਪੈ ਗਈ ਅਤੇ ਉਹ ਦਿਮਾਗ਼ੀ ਤੌਰ ਉੱਤੇ ਹੋਰ ਵੀ ਪ੍ਰੇਸ਼ਾਨ ਹੋ ਕੇ ਮੰਜੇ ਉੱਤੇ ਪੈ ਗਿਆ।
ਪਰ ਇਸ ਆਰਥਿਕ ਗ਼ਰੀਬ ਪਰਿਵਾਰ ਦੀ ਬਾਂਹ 'ਮਨੁੱਖਤਾ ਦੀ ਸੇਵਾ' ਸੁਸਾਇਟੀ ਵੱਲੋਂ ਫ਼ੜੀ ਗਈ ਅਤੇ ਉਸ ਦਾ ਇਲਾਜ ਕਰਵਾਇਆ ਗਿਆ। ਸੁਸਾਇਟੀ ਵੱਲੋਂ ਉਸ ਦੇ ਇਲਾਜ ਦੇ ਲਈ ਲਗਭਗ 10 ਲੱਖ ਰੁਪਏ ਦੇ ਕਰੀਬ ਖ਼ਰਚ ਕੀਤੇ ਗਏ।
ਪੈਰਾਲੰਪਿਕ ਗੇਮਾਂ ਵਿੱਚ ਸੋਨ ਤਮਗ਼ਾ ਜੇਤੂ ਰਾਜਵੀਰ ਸਿੰਘ ਦਾ ਪਰਿਵਾਰ ਹੁਣ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਉਹ ਫ਼ਿਲਹਾਲ ਮੰਜੇ ਉੱਤੇ ਪਿਆ ਹੈ ਅਤੇ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਔਖਾ ਹੀ ਚੱਲਦਾ ਹੈ।
ਸਮੇਂ ਦੀਆਂ ਸਰਕਾਰਾਂ ਵੱਲੋਂ ਰਾਜਬੀਰ ਦੇ ਸੋਨ ਤਮਗ਼ਾ ਜਿੱਤ ਕੇ ਆਉਣ ਉੱਤੇ ਉਸ ਦੀ ਮਦਦ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ, ਪਰ ਉਹ ਦਾਅਵੇ ਖੋਖਲੇ ਹੀ ਸਾਬਿਤ ਹੋਏ। ਜ਼ਾਹਿਰ ਹੈ ਕਿ ਜਦੋਂ ਉਹ ਦੌੜਦਾ ਸੀ ਤਾਂ ਸਾਰੇ ਉਸ ਨੂੰ ਵੇਖਦੇ ਸਨ ਅਤੇ ਅੱਜ ਜਦੋਂ ਬਿਸਤਰੇ ਉੱਤੇ ਪੈ ਗਿਆ ਹੈ ਤਾਂ ਕੋਈ ਉਸ ਵੱਲ ਨਹੀਂ ਵੇਖਦਾ।