ਲੁਧਿਆਣਾ :ਪੂਰੇ ਦੇਸ਼ ਭਰ ਦੇ ਨਾਲ ਪੰਜਾਬ ਦੇ ਵਿਚ ਵੀ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਬਣਾਈਆਂ ਗਈਆ ਸੜਕਾਂ 'ਤੇ ਮੌਜੂਦ ਟੋਲ ਪਲਾਜ਼ਾ 'ਤੇ ਕੀਮਤਾਂ ਦੇ ਵਿਚ 5 ਤੋਂ 10 ਫੀਸਦੀ ਤਕ ਦਾ ਇਜ਼ਾਫ਼ਾ ਕੀਤਾ ਗਿਆ ਹੈ। ਇਸ ਨਾਲ ਜਿਸ ਟੋਲ 'ਤੇ ਪਹਿਲਾਂ ਕੀਮਤ 100 ਰੁਪਏ ਸੀ ਉਹ ਹੁਣ ਵਧ ਕੇ 105 ਰੁਪਏ ਹੋ ਗਈ ਹੈ ਅਤੇ ਜਿਸ 'ਤੇ 200 ਰੁਪਏ ਸੀ ਉਸ ਦੀ ਕੀਮਤ ਵਿਚ ਇਜ਼ਾਫਾ ਹੋ ਕੇ 210 ਰੁਪਏ ਹੋ ਚੁੱਕਾ ਹੈ। ਵਧੀਆਂ ਹੋਈਆਂ ਕੀਮਤਾਂ 1 ਅਪ੍ਰੈਲ ਤੋਂ ਲਾਗੂ ਹੋ ਗਈਆਂ ਹਨ। ਪੰਜਾਬ ਵਿਚ ਜ਼ਿਆਦਾਤਰ ਟੋਲ ਪਲਾਜ਼ਾ ਜਿਹੜੇ NHAI ਵੱਲੋਂ ਬਣਾਏ ਗਏ ਹਨ, ਉਹਨਾਂ 'ਤੇ ਕੀਮਤਾਂ ਵਿੱਚ ਇਜ਼ਾਫ਼ਾ ਹੋ ਚੁਕਿਆ ਹੈ।
ਇਨ੍ਹਾਂ ਟੋਲ ਪਲਾਜ਼ਿਆਂ ਉਤੇ ਫਿਲਹਾਲ ਰਾਹਤ :ਪੰਜਾਬ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿਚ ਤਿੰਨ ਟੋਲ ਪਲਾਜ਼ਾ NHAI ਨਾਲ ਸਬੰਧਿਤ ਹਨ, ਜਿਨ੍ਹਾਂ ਵਿਚੋਂ ਪਹਿਲਾ ਲਾਡੋਵਾਲ ਟੋਲ ਪਲਾਜ਼ਾ, ਦੂਜਾ ਜਗਰਾਓਂ ਚੌਕੀਮਾਨ ਕੋਲ ਸਥਿਤ ਹੈ, ਇਸ ਤੋਂ ਇਲਾਵਾ ਤੀਜਾ ਟੋਲ ਪਲਾਜ਼ਾ ਲੁਧਿਆਣਾ ਸਾਊਥ ਸਿਟੀ ਰੋਡ ਉਤੇ ਸਥਿਤ ਹੈ। ਇਨ੍ਹਾਂ ਵਿਚੋਂ ਦੋ ਦੀਆਂ ਕੀਮਤਾਂ ਵਿੱਚ ਇਜ਼ਾਫਾ ਕੀਤਾ ਗਿਆ ਹੈ, ਜਦੋਂ ਕਿ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਉਤੇ ਫਿਲਹਾਲ ਪੁਰਾਣੇ ਰੇਟ ਹੀ ਲਾਗੂ ਰਹਿਣਗੇ। ਲਾਡੋਵਾਲ ਟੋਲ ਪਲਾਜ਼ਾ ਉਤੇ 1 ਸਤੰਬਰ 2023 ਤੋਂ ਕੀਮਤਾਂ ਵਿੱਚ ਇਜ਼ਾਫ਼ਾ ਹੋਵੇਗਾ, ਜਿਸ ਦੀ ਪੁਸ਼ਟੀ ਟੋਲ ਪਲਾਜ਼ਾ ਦੇ ਪ੍ਰਬੰਧਕ ਨੇ ਵੀ ਕੀਤੀ ਹੈ। ਉਸ ਮੁਤਾਬਕ ਇਕ ਸਤੰਬਰ ਤੋਂ ਲਾਡੋਵਾਲ ਟੋਲ ਪਲਾਜ਼ਾ ਤੇ 5 ਤੋਂ 7 ਫੀਸਦੀ ਤੱਕ ਦਾ ਕੀਮਤਾਂ ਦੇ ਵਿੱਚ ਇਜ਼ਾਫਾ ਹੋਵੇਗਾ ਪਰ ਫਿਲਹਾਲ 1 ਅਪ੍ਰੈਲ ਤੋਂ ਕਿਸੇ ਕਿਸਮ ਦੀ ਕੀਮਤਾਂ ਦੇ ਵਿੱਚ ਇਜ਼ਾਫਾ ਨਹੀਂ ਕੀਤਾ ਗਿਆ ਹੈ।