ਲੁਧਿਆਣਾ :ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਅਤੇ ਹੁਣ ਤਾਪਮਾਨ 41 ਡਿਗਰੀ ਤੋਂ ਵੀ ਪਾਰ ਹੋ ਗਿਆ ਹੈ। ਇਹ ਗਰਮੀ ਲੋਕਾਂ ਨੂੰ ਬਿਮਾਰ ਕਰਨ ਵਾਲੀ ਹੈ, ਕਿਉਂਕਿ ਜੂਨ ਮਹੀਨੇ ਵਿਚ ਹੀ ਜੁਲਾਈ ਅਗਸਤ ਵਾਲੀ ਗਰਮੀ ਦਾ ਅਹਿਸਾਸ ਨੂੰ ਹੋ ਰਿਹਾ ਹੈ। ਵੱਧ ਤੋਂ ਵੱਧ ਪਾਰਾ 41 ਡਿਗਰੀ ਤੋਂ ਪਾਰ ਹੈ ਜਦੋਂਕਿ ਘੱਟ ਤੋਂ ਘੱਟ ਪਾਰਾ 29 ਡਿਗਰੀ ਦੇ ਕਰੀਬ ਨੋਟ ਹੋ ਰਿਹਾ ਹੈ। ਹਾਲਾਂਕਿ ਇਹ ਤਾਪਮਾਨ ਆਮ ਨਾਲੋਂ ਜਿਆਦਾ ਹੈ। ਇਹੀ ਕਾਰਨ ਹੈ ਕਿ ਲੋਕਾਂ ਨੂੰ ਗਰਮੀ ਜਿਆਦਾ ਮਹਿਸੂਸ ਹੋ ਰਹੀ ਹੈ। ਆਉਂਦੇ ਦੋ ਦਿਨ ਤੱਕ ਇਸੇ ਤਰ੍ਹਾਂ ਦੀ ਗਰਮੀ ਦਾ ਪ੍ਰਕੋਪ ਲੋਕਾਂ ਨੂੰ ਸਹਿਣਾ ਪਵੇਗਾ, ਜਿਸ ਤੋਂ ਬਾਅਦ ਪੱਛਮੀ ਚੱਕਰਵਾਤ ਬਣਨ ਨਾਲ 24 ਜੂਨ ਤੋਂ ਹਲਕੀ ਬਾਰਿਸ਼ ਬੱਦਲਵਾਈ ਵਾਲਾ ਮੌਸਮ ਬਣ ਜਾਵੇਗਾ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਸਮੇਂ ਸਿਰ ਮਾਨਸੂਨ:ਮਾਨਸੂਨ ਲਈ ਵੀ ਚੰਗੀ ਖਬਰ ਹੈ। ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਪੰਜਾਬ ਦੇ ਅੰਦਰ ਮਾਨਸੂਨ ਨੇ ਦਸਤਕ ਦੇ ਸਕਦਾ ਹੈ, ਮਈ ਮਹੀਨੇ ਦੇ ਵਿਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਈ ਸੀ, ਜਿਸ ਕਰਕੇ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਕਿ ਇਸ ਵਾਰ ਮਾਨਸੂਨ ਦੇਰੀ ਨਾਲ ਆਵੇਗਾ ਅਤੇ ਬਾਰਿਸ਼ ਘੱਟ ਹੋਵੇਗੀ ਪਰ ਮੌਸਮ ਵਿਗਿਆਨੀਆਂ ਮੁਤਾਬਕ ਸਮੇਂ ਸਿਰ ਪੰਜਾਬ ਦੇ ਅੰਦਰ ਮੌਨਸੂਨ ਦਸਤਕ ਦੇ ਸਕਦਾ ਹੈ। ਮੌਨਸੂਨ ਸਮੇਂ ਸਿਰ ਆਉਣ ਦੇ ਨਾਲ ਕਿਸਾਨਾਂ ਲਈ ਵੀ ਫਾਇਦਾ ਹੈ ਅਤੇ ਝੋਨੇ ਦੀ ਫਸਲ ਨੂੰ ਭਰਪੂਰ ਪਾਣੀ ਮਿਲ ਸਕਦਾ ਹੈ।