ਲੁਧਿਆਣਾ:ਰਾਏਕੋਟ ਦਾਣਾ ਮੰਡੀ ਵਿੱਚ ਵਾਪਰਦੀਆਂ ਚੋਰੀ ਦੀਆਂ ਵਾਰਦਾਤਾਂ ਅਤੇ ਲਿਫਟਿੰਗ ਦੀ ਮੱਠੀ ਰਫਤਾਰ ਤੋਂ ਭੜਕੇ ਅਨਾਜ ਮੰਡੀ ਮਜ਼ਦੂਰਾਂ ਨੇ ਦਾਣਾ ਮੰਡੀ ਦੇ ਤਿੰਨੇ ਗੇਟਾਂ ਨੂੰ ਜਿੰਦਰੇ ਜੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮਜ਼ਦੂਰਾਂ ਦੇ ਪ੍ਰਦਰਸ਼ਨ ਦੌਰਾਨ ਆੜ੍ਹਤੀਆਂ ਨਾਲ ਮੀਟਿੰਗ ਕਰਕੇ ਵਾਪਸ ਜਾਣ ਲੱਗੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਦਾ ਕਾਫਲਾ ਘੰਟਿਆਂਬੱਧੀ ਦਾਣਾ ਮੰਡੀ ਵਿੱਚ ਕੈਦ ਰਿਹਾ, ਜਿਸ 'ਤੇ ਰਾਏਕੋਟ ਪ੍ਰਸ਼ਾਸਨ ਵਿੱਚ ਅਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ।
ਇਸ ਬਣੇ ਮਾਹੌਲ ਤੋਂ ਬਾਅਦ ਡੀਐਸਪੀ ਰਾਏਕੋਟ ਰਾਜਵਿੰਦਰ ਸਿੰਘ ਰੰਧਾਵਾ, ਐੱਸ .ਐੱਚ.ਓ ਸਿਟੀ ਹੀਰਾ ਸਿੰਘ ਸਮੇਤ ਪੁਲਿਸ ਪਾਰਟੀ ਦਾਣਾ ਮੰਡੀ ਪੁੱਜੇ। ਇਸ ਮੌਕੇ ਮਜ਼ਦੂਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਨੇ ਭਰੋਸਾ ਦਿਵਾਇਆ ਕਿ ਰਾਏਕੋਟ ਇਲਾਕਿਆਂ ਦੀਆਂ ਦਾਣਾ ਮੰਡੀਆਂ ਵਿੱਚ ਕੱਲ੍ਹ ਤੋਂ ਲਿਫਟਿੰਗ ਦੇ ਕੰਮ ਦੀ ਰਫ਼ਤਾਰ ਤੇਜ਼ ਕੀਤੀ ਜਾਵੇਗੀ ਅਤੇ ਛੇਤੀ ਹੀ ਲਿਫਟਿੰਗ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਵੀ ਮਜ਼ਦੂਰਾਂ ਨੂੰ ਸ਼ਾਂਤ ਕਰਦਿਆਂ ਆਖਿਆ ਕਿ ਦਾਣਾ ਮੰਡੀ ਵਿੱਚ ਵਾਪਰੇ ਚੋਰੀ ਦੇ ਮਾਮਲਿਆਂ ਨੂੰ ਜਲਦ ਹੱਲ ਕਰਕੇ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।