ਸ਼ੁਭਮ ਪੰਜਾਬ ਸਰਕਾਰ ਦੀਆਂ ਪੋਲਿਸੀਆਂ ਤੋਂ ਪਰੇਸ਼ਾਨ, ਸੁਣੋ ਕੀ ਕਿਹਾ ਲੁਧਿਆਣਾ:ਸ਼ੁਭਮ ਵਧਵਾ ਇੱਕ ਵਾਰ ਮੁੜ ਤੋਂ ਪੰਜਾਬ ਦਾ ਨਾਂਅ ਰੋਸ਼ਨ ਕਰਕੇ ਆਇਆ ਹੈ। ਉਸ ਨੇ ਪੈਰਾ ਖੇਲੋ ਇੰਡੀਆ ਗੇਮਜ਼ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਫਾਈਨਲ ਮੁਕਾਬਲੇ ਵਿੱਚ ਉਸ ਨੂੰ ਵਿਰੋਧੀ ਟੀਮ ਦਾ ਖਿਡਾਰੀ ਇੱਕ ਵੀ ਸੈੱਟ ਵਿੱਚ ਨਹੀਂ ਹਰਾ ਪਾਇਆ। ਸ਼ੁਭਮ ਵਧਵਾ ਅੱਜ ਤੱਕ ਭਾਰਤ ਵਿੱਚ ਕਿਸੇ ਖਿਡਾਰੀ ਤੋਂ ਇੱਕ ਵੀ ਸੈਟ ਨਹੀਂ ਹਾਰਿਆ ਹੈ। ਇਸ ਸਾਲ ਉਸ ਨੇ 9 ਮੈਡਲ ਜਿੱਤੇ ਹਨ, ਜਿਨਾਂ ਵਿੱਚੋਂ 3 ਮੈਡਲ ਕੋਮਾਂਤਰੀ ਪੱਧਰ ਦੇ ਹਨ ਅਤੇ 6 ਮੈਡਲ ਕੌਮੀ ਪੱਧਰ ਦੇ ਹਨ।
ਪੈਰਾ ਓਲੰਪਿਕ ਦੇ ਵਿੱਚ ਬ੍ਰਾਂਜ਼ ਮੈਡਲਿਸਟ ਨੂੰ ਵੀ ਉਹ ਮਾਤ ਦੇ ਚੁੱਕਾ ਹੈ। ਹਾਲ ਹੀ, ਵਿੱਚ ਉਹ ਸਿੰਗਾਪੁਰ ਅਤੇ ਚਾਈਨਾ ਵਿੱਚ ਵੀ ਮੈਡਲ ਜਿੱਤ ਕੇ ਆਇਆ ਹੈ। ਭਾਰਤ ਸਰਕਾਰ ਵੱਲੋਂ ਪਹਿਲੀ ਵਾਰ ਪੈਰਾ ਖੈਲੋ ਇੰਡਿਆ ਗੇਮਜ਼ ਕਰਵਾਈਆਂ ਗਈਆਂ ਜਿਸ ਵਿੱਚ ਸ਼ੁਭਮ ਸੋਨੇ ਦਾ ਤਗ਼ਮਾ ਹਾਸਿਲ (Gold Medalist Shubham Wadhwa) ਕਰਕੇ ਆਇਆ ਹੈ। ਅੱਜ ਉਸ ਦੇ ਘਰ ਪੁੱਜਣ ਉੱਤੇ ਉਸ ਦੇ ਪਰਿਵਾਰ ਅਤੇ ਦੋਸਤਾਂ ਵੱਲੋਂ ਸਵਾਗਤ ਕੀਤਾ ਗਿਆ, ਪਰ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਮੁੜ ਤੋਂ ਇਲਾਕੇ ਦੇ ਐਮਐਲਏ ਅਤੇ ਕੌਂਸਲਰ ਮੌਕੇ ਉੱਤੇ ਹਾਜ਼ਰ ਨਹੀਂ ਸੀ।
ਕੌਮਾਂਤਰੀ ਮੈਡਲ: 6 ਵਾਰ ਟੇਬਲ ਟੈਨਿਸ ਵਿੱਚ ਨੈਸ਼ਨਲ ਚੈਂਪੀਅਨ ਰਹਿ ਚੁੱਕੇ ਸ਼ੁਭਮ ਨੇ 2019 ਵਿੱਚ ਅਪਣਾ ਸਫ਼ਰ ਸ਼ੁਰੂ ਕੀਤਾ ਸੀ। ਇਕ ਹਾਦਸੇ ਵਿੱਚ ਉਸ ਦੇ ਸਰੀਰ ਨੇ 90 ਫ਼ੀਸਦੀ ਕੰਮ ਕਰਨਾ ਬੰਦ ਕਰ ਦਿੱਤਾ ਸੀ, ਪਰ ਸਖ਼ਤ ਮਿਹਨਤ ਦੇ ਬਾਵਜੂਦ ਉਸ ਨੇ ਨੈਸ਼ਨਲ ਵਿੱਚ 6 ਵਾਰ ਗੋਲਡ ਮੈਡਲ ਹਾਸਿਲ ਕੀਤਾ। ਜੁਲਾਈ 2023 ਵਿੱਚ ਤਾਇਵਾਨ ਦੀਆਂ ਖੇਡਾਂ 'ਚ ਉਸ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਇਸ ਤੋਂ ਬਾਅਦ ਸਤੰਬਰ 2023 ਸਿੰਗਾਪੁਰ ਵਿੱਚ ਗੇਮਜ਼ ਵਿੱਚ ਵੀ ਕਾਂਸੀ ਦਾ ਤਗ਼ਮਾ ਹਾਸਲ (Para Khelo India Winner From Punjab) ਕਰਕੇ ਆਇਆ ਹੈ। ਏਸ਼ੀਆ ਵਿੱਚ ਉਸ ਦਾ ਰੈਂਕ 12 ਉੱਤੇ ਹੈ। ਸ਼ੁਭਮ ਨੇ ਕਈ ਕੌਮਾਂਤਰੀ ਖਿਡਾਰੀਆਂ ਨੂੰ ਮਾਤ ਦਿਤੀ ਹੈ। ਉਹ ਲਗਾਤਾਰ ਮੈਚ ਜਿੱਤ ਰਿਹਾ ਹੈ। ਭਾਰਤ ਵਿੱਚ ਕੋਈ ਅਜਿਹਾ ਦੂਜਾ ਖਿਡਾਰੀ ਨਹੀਂ ਜੋਕਿ ਉਸ ਨੂੰ ਮਾਤ ਦੇ ਸਕੇ। ਉਹ ਆਪਣੀ ਸਖ਼ਤ ਮਿਹਨਤ ਕਰਕੇ ਇਸ ਮੁਕਾਮ ਉੱਤੇ ਪਹੁੰਚਿਆ ਹੈ।
ਸ਼ੁਭਮ ਵਧਵਾ, ਕੌਮਾਂਤਰੀ ਪੈਰਾ ਟੇਬਲ ਟੈਨਿਸ ਖਿਡਾਰੀ ਨਹੀਂ ਮਿਲੀ ਨੌਕਰੀ, ਨਾ ਸਰਕਾਰ ਸਾਥ:ਸ਼ੁਭਮ ਵਧਵਾ 6 ਵਾਰ ਨੈਸ਼ਨਲ ਗੋਲਡ ਮੈਡਲ ਜਿੱਤਣ ਦੇ ਬਾਵਜੂਦ ਵੀ ਸਰਕਾਰੀ ਨੌਕਰੀ ਤੋਂ ਸੱਖਣਾ ਹੈ। ਉਸ ਦੇ ਪਰਿਵਾਰ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਹੈ। ਉਸ ਦੇ ਦੋਸਤ ਅਤੇ ਉਸ ਦੇ ਮਾਮਾ ਉਸ ਦੀ ਮਦਦ ਜ਼ਰੂਰ ਕਰਦੇ ਹਨ। ਨਾਲ ਹੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਉਸ ਨੂੰ 3 ਲੱਖ ਤੋਂ ਵਧੇਰੇ ਕੀਮਤ ਦੀ ਵੀਲ ਚੇਅਰ ਵੀ ਦਿੱਤੀ ਗਈ ਹੈ ਜਿਸ ਉੱਤੇ ਬੈਠ ਕੇ ਉਹ ਇਹ ਖਿਤਾਬ ਆਪਣੇ ਨਾ ਕਰਦਾ ਹੈ, ਪਰ ਲਗਾਤਾਰ ਮੈਡਲ ਲਿਆਉਣ ਦੇ ਬਾਵਜੂਦ ਵੀ ਉਸ ਨੂੰ ਅੱਜ ਤੱਕ ਸਰਕਾਰੀ ਨੌਕਰੀ ਨਹੀਂ ਮਿਲ ਸਕੀ ਹੈ। ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਉਸ ਨੂੰ ਕੋਈ ਵੀ ਮਦਦ ਪੰਜਾਬ ਸਪੋਰਟਸ ਵਿਭਾਗ ਵੱਲੋਂ ਵੀ ਨਹੀਂ ਮਿਲ ਰਹੀ ਹੈ। ਉਹ ਆਪਣੇ ਖ਼ਰਚੇ ਉੱਤੇ ਪੈਸੇ ਇਕੱਠੇ ਕਰਕੇ ਜਾਂ ਫਿਰ ਦੋਸਤਾਂ ਤੋਂ ਲੈ ਕੇ ਆਪਣੀ ਗੇਮ ਦੀ ਪ੍ਰੈਕਟਿਸ ਕਰਦਾ ਹੈ। ਸ਼ੁਭਮ ਚੱਲਣ ਫਿਰਨ ਵਿੱਚ ਪੂਰੀ ਤਰ੍ਹਾਂ ਅਸਮਰਥ ਹੈ। ਉਸ ਨੂੰ ਉਸ ਦੇ ਘਰ ਉੱਪਰ ਪਹਿਲੀ ਮੰਜ਼ਿਲ ਉੱਤੇ ਲਿਜਾਣ ਲਈ ਅਤੇ ਹੇਠਾਂ ਲਿਆਉਣ ਲਈ ਦੋਸਤਾਂ ਦੀ ਮਦਦ ਲੈਣੀ ਪੈਂਦੀ ਹੈ।
ਦੂਜੇ ਸੂਬੇ ਜਾਣ ਦਾ ਵਿਚਾਰ:ਲਗਾਤਾਰ ਉਹ ਵਿਭਾਗ ਵੱਲੋਂ ਉਸ ਦੀ ਅਣਦੇਖੀ ਹੋਣ ਕਰਕੇ ਉਸ ਦੇ ਸਬਰ ਦਾ ਬੰਨ ਟੁੱਟਦਾ ਜਾ ਰਿਹਾ ਹੈ। ਹਾਲਾਂਕਿ, ਉਹ ਅੱਜ ਵੀ ਕਹਿੰਦਾ ਹੈ ਕਿ ਉਹ ਪੰਜਾਬ ਲਈ ਖੇਡਣਾ ਚਾਹੁੰਦਾ ਹੈ, ਪਰ ਉਨ੍ਹਾਂ ਕਿਹਾ ਕਿ ਖੇਲੋ ਇੰਡੀਆ ਵਿੱਚ ਜਿਨ੍ਹਾਂ ਨੇ ਗੋਲਡ ਮੈਡਲ ਹਾਸਿਲ ਕੀਤਾ, ਰਾਜਸਥਾਨ ਸਰਕਾਰ ਉਨ੍ਹਾਂ ਨੂੰ ਸਿੱਧੇ ਤੌਰ ਉੱਤੇ ਸਰਕਾਰੀ ਨੌਕਰੀ ਦੇਣ ਦੇ ਐਲਾਨ ਕਰ ਚੁੱਕੀ ਹੈ। ਸ਼ੁਭਮ ਨੇ ਕਿਹਾ ਕਿ ਪਰ ਉਹ ਤਾਂ ਕਈ ਕੋਮਾਂਤਰੀ ਪੱਧਰ ਦੇ ਮੈਡਲ ਵੀ ਜਿੱਤ ਚੁੱਕਾ ਹਾਂ, ਪਰ ਅੱਜ ਤੱਕ ਉਸ ਨੂੰ ਨੌਕਰੀ ਨਹੀਂ ਮਿਲੀ ਹੈ।
ਪੈਰਾ ਖੇਲੋ ਇੰਡੀਆ ਗੇਮਜ਼ 'ਚ ਸੋਨ ਤਗ਼ਮਾ ਜਿੱਤਿਆ ਸ਼ੁਭਮ ਨੇ ਕਿਹਾ ਕਿ ਖੇਲੋ ਇੰਡੀਆ ਵਿੱਚ ਹਰਿਆਣਾ ਪਹਿਲੇ ਨੰਬਰ ਉੱਤੇ ਰਿਹਾ ਹੈ ਅਤੇ ਹਰਿਆਣਾ ਵਿੱਚ ਵੀ ਖੇਡਾਂ ਨੂੰ ਕਾਫੀ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਸਰਕਾਰ ਨੇ ਨੀਤੀ ਦਾ ਬਣਾਈ ਹੈ, ਪਰ ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਜਿਸ ਕਰਕੇ ਉਹ ਉਸ ਵਰਗੇ ਖਿਡਾਰੀ ਹੋਣ ਆਪਣਾ ਸੂਬਾ ਛੱਡ ਕੇ ਦੂਜੇ ਸੂਬੇ ਵਿੱਚ ਜਾਣ ਬਾਰੇ ਸੋਚਣ ਲੱਗ ਗਏ ਹਨ।
ਓਲੰਪਿਕ ਖੇਡਣ ਦਾ ਸੁਪਨਾ: ਸ਼ੁਭਮ ਚਾਹੁੰਦਾ ਹੈ ਕਿ ਉਹ ਪੈਰਾ ਓਲੰਪਿਕ 2024 ਵਿੱਚ ਹਿੱਸਾ ਲੈ ਕੇ ਭਾਰਤ ਲਈ ਮੈਡਲ ਲੈ ਕੇ ਆਵੇ, ਪਰ ਉਸ ਲਈ ਉਸ ਨੂੰ ਆਪਣੀ ਰੈਂਕਿੰਗ ਵਿੱਚ ਹੋਰ ਨਿਖਾਰ ਲਿਆਉਣ ਲਈ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਜਾ ਕੇ ਖੇਡਣਾ ਪਵੇਗਾ, ਜੋ ਕਿ ਕਾਫੀ ਮਹਿੰਗੇ ਅਤੇ ਖਰਚੀਲੇ ਹੁੰਦੇ ਹਨ। ਜਦੋਂ ਤੱਕ ਉਹ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲਵੇਗਾ, ਉਸ ਦਾ ਓਲੰਪਿਕ ਦਾ ਰਾਹ ਪੱਧਰਾ ਨਹੀਂ ਹੋਵੇਗਾ। ਸ਼ੁਭਮ ਨੇ ਕਿਹਾ ਕਿ ਉਹ ਆਸਾਨੀ ਨਾਲ ਭਾਰਤ ਲਈ ਓਲੰਪਿਕ ਵਿੱਚ ਮੈਡਲ ਲਿਆ ਸਕਦਾ ਹੈ, ਜੇਕਰ ਸਰਕਾਰ ਉਸ ਦੀ ਮਦਦ ਕਰੇ। ਉਸ ਦਾ ਇੰਟਰਨੈਸ਼ਨਲ ਮੁਕਾਬਲਿਆਂ ਵਿੱਚ ਖੇਡਣ ਲਈ ਸਾਥ ਦੇਵੇ ਤਾਂ ਉਹ ਓਲੰਪਿਕ ਵਿੱਚ ਭਾਰਤ ਲਈ ਮੈਡਲ ਲਿਆ ਸਕਦਾ ਹੈ।