ਖੰਨਾ: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਸਾਹਿਬ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਟੈਟਨਸ ਦਾ ਟੀਕਾਕਰਨ ਕਰਦੇ ਸਮੇਂ ਇੱਕ ਤੋਂ ਬਾਅਦ ਇੱਕ ਲਗਾਤਾਰ 15 ਵਿਦਿਆਰਥਣਾਂ ਦੀ ਹਾਲਤ ਇੰਨੀ ਵਿਗੜ ਗਈ ਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ। ਇਸ ਤੋਂ ਬਾਅਦ ਟੀਕਾਕਰਨ ਦੇ ਦੂਜੇ ਦਿਨ ਵੀ ਟੀਕਾ ਲੱਗਣ ਦੇ ਨਾਲ ਹੀ ਕਿਸੇ ਵਿਦਿਆਰਥਣ ਨੂੰ ਚੱਕਰ ਆਉਣ ਲੱਗੇ, ਕਿਸੇ ਨੂੰ ਘਬਰਾਹਟ ਹੋਣ ਲੱਗੀ ਅਤੇ ਕਿਸੇ ਦਾ ਪੇਟ ਦਰਦ ਇੰਨਾ ਵਧ ਗਿਆ ਕਿ ਉਹ ਸਕੂਲ 'ਚ ਤੜਫਨ ਲੱਗ ਪਈ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਦੂਜੇ ਪਾਸੇ ਸਿਹਤ ਮਹਿਕਮੇ ਨੂੰ ਹਾਲੇ ਤੱਕ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਕਿ ਆਖਰ ਟੀਕਾ ਲੱਗਣ ਮਗਰੋਂ ਵਿਦਿਆਰਥਣਾਂ ਦੀ ਹਾਲਤ ਕਿਉਂ ਵਿਗੜੀ।
ਮਾਪੇ ਅਧਿਆਪਕਾਂ ਤੋਂ ਖ਼ਫ਼ਾ:ਹਸਪਤਾਲ ਵਿੱਚ ਜ਼ੇਰ-ਏ-ਇਲਾਜ ਵਿਦਿਆਰਥਣਾਂ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵਿੱਚ ਟੀਕਾਕਰਨ ਲਈ ਕੈਂਪ ਲਾਇਆ ਗਿਆ ਸੀ ਅਤੇ ਵਿਦਿਆਰਥਣਾਂ ਨੂੰ ਟੈਟਨਸ ਦਾ ਟੀਕਾ ਲਾਇਆ ਗਿਆ। ਹਾਲਾਂਕਿ ਇਸ ਬਾਰੇ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਮਾਪਿਆਂ ਦੀ ਸਹਿਮਤੀ ਲਈ ਗਈ। ਟੀਕਾ ਲੱਗਣ ਤੋਂ ਬਾਅਦ ਉਹਨਾਂ ਨੂੰ ਚੱਕਰ ਆਉਣ ਲੱਗੇ। ਘਬਰਾਹਟ ਹੋਈ ਅਤੇ ਪੇਟ ਅੰਦਰ ਤੇਜ਼ ਦਰਦ ਸ਼ੁਰੂ ਹੋ ਗਿਆ। ਉੱਥੇ ਹੀ ਹਸਪਤਾਲ ਪੁੱਜੇ ਮਾਪਿਆਂ ਨੇ ਰੋਸ ਭਰੇ ਲਹਿਜੇ 'ਚ ਕਿਹਾ ਕਿ ਸਕੂਲ ਵਾਲਿਆਂ ਨੇ ਬਿਨਾਂ ਸਹਿਮਤੀ ਟੀਕੇ ਲਗਾਏ। ਇਹ ਸਕੂਲ ਵਾਲਿਆਂ ਦੀ ਗਲਤੀ ਹੈ। ਜੇਕਰ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਕੌਣ ਜਿੰਮੇਵਾਰ ਸੀ।