ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਕ ਟਰੈਫਿਕ ਮੁਲਾਜ਼ਮ ਦੀ ਗੱਡੀ ਦੇ ਬੋਨਟ ਉੱਤੇ ਘਸੀਟੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਟ੍ਰੈਫਿਕ ਮੁਲਾਜ਼ਮ ਨੂੰ ਕਾਰ ਚਾਲਕ ਘਸੀਟਦਾ ਹੋਇਆ ਲੈਕੇ ਜਾ ਰਿਹਾ ਹੈ। ਘਟਨਾ ਮਾਤਾ ਰਾਣੀ ਚੌਂਕ ਦੀ ਦੱਸੀ ਜਾ ਰਹੀ ਹੈ, ਜਿੱਥੇ ਇਕ ਕਾਰ ਹੋਂਡਾ ਅਮੇਜ਼ ਨੂੰ ਜਦੋਂ ਟ੍ਰੈਫਿਕ ਮੁਲਾਜ਼ਮ ਨੇ ਰੋਕਿਆ ਤਾਂ ਉਸ ਨੇ ਰੋਕਣ ਦੀ ਥਾਂ ਉੱਤੇ ਗੱਡੀ ਨੂੰ ਭਜਾ ਲਿਆ। ਜਿਸ ਤੋਂ ਬਾਅਦ ਅੱਗੇ ਖੜ੍ਹੇ ਟ੍ਰੈਫਿਕ ਮੁਲਾਜ਼ਮ ਦੇ ਨਾਲ ਉਸ ਦੀ ਟੱਕਰ ਹੋਈ ਅਤੇ ਮੁਲਾਜ਼ਮ ਨਾਲ ਹੀ ਗੱਡੀ ਉੱਤੇ ਲਟਕ ਗਿਆ ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਮਾਮਲੇ ਸਬੰਧੀ ਬੋਲਦਿਆਂ ਏਡੀਸੀਪੀ ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਮੁਲਜ਼ਮ ਦੀ ਕਾਰ ਬਰਾਮਦ ਕਰ ਲਈ ਗਈ ਹੈ।
ਸੀਸੀਟੀਵੀ ਫੁਟੇਜ ਪੁਲਿਸ ਵੱਲੋਂ ਲੱਭੀ ਜਾ ਰਹੀ: ਜਿਸ ਪੁਲਿਸ ਮੁਲਾਜ਼ਮ ਨੂੰ ਗੱਡੀ ਵਾਲਾ ਘੜ੍ਹੀਸ ਕੇ ਲੈ ਕੇ ਜਾ ਰਿਹਾ ਸੀ ਉਸ ਦੀ ਸ਼ਨਾਖਤ ਹਰਦੀਪ ਸਿੰਘ ਵਜੋਂ ਹੋਈ ਹੈ। ਗੱਡੀ ਵਾਲੇ ਵੱਲੋਂ ਕੀਤੀ ਗਈ ਇਸ ਹਰਕਤ ਦੌਰਾਨ ਪੁਲਿਸ ਮੁਲਾਜ਼ਮ ਹਰਦੀਪ ਸਿੰਘ ਦੀ ਵਰਦੀ ਵੀ ਫਟ ਗਈ ਅਤੇ ਉਸ ਨੂੰ ਸੱਟਾਂ ਵੀ ਲੱਗੀਆਂ ਹਨ। ਇਲਾਕੇ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਵੱਲੋਂ ਲੱਭੀ ਜਾ ਰਹੀ ਹੈ। ਦਰਅਸਲ ਇਹ ਪੂਰਾ ਮਾਮਲਾ ਉਦੋਂ ਹੋਇਆ ਜਦੋਂ ਕਾਰ ਚਾਲਕ ਗੱਡੀ ਚਲਾਉਂਦੇ ਹੋਏ ਮੋਬਾਈਲ ਦੀ ਵਰਤੋਂ ਕਰ ਰਿਹਾ ਸੀ ਤਾਂ ਟ੍ਰੈਫਿਕ ਮੁਲਾਜ਼ਮ ਹਰਦੀਪ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਰੁਕਣ ਦੀ ਥਾਂ ਉੱਤੇ ਉਸ ਨੂੰ ਘਸੀਟਦਾ ਹੋਇਆ ਕਾਫ਼ੀ ਦੂਰ ਤੱਕ ਖਿੱਚ ਕੇ ਲੈ ਗਿਆ। ਪੁਲਸ ਵੱੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।