'ਸਰਕਾਰੀ ਸਕੂਲਾਂ 'ਚ ਸੁਰੱਖਿਆ ਮੁਲਜ਼ਮ ਤਾਇਨਾਤ' ਲੁਧਿਆਣਾ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ (Education Minister Harjot Bains) ਅੱਜ ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਸਕੂਲ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਨਵੀਂ ਸਿੱਖਿਆ ਕ੍ਰਾਂਤੀ (Education revolution) ਚੱਲ ਰਹੀ ਹੈ, ਪਿਛਲੇ ਮਹੀਨੇ ਸੂਬੇ ਵਿੱਚ ਸਕੂਲ ਆਫ ਐਨੀਮੈਸ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਸਰਕਾਰੀ ਸਕੂਲਾਂ ਵਿੱਚ ਸੁਰੱਖਿਆ ਮੁਲਾਜ਼ਮ ਰੱਖੇ ਜਾਣਗੇ।
ਸੁਰੱਖਿਆ ਮੁਲਾਜ਼ਮ ਤਾਇਨਾਤ:ਉਨ੍ਹਾਂ ਕਿਹਾ ਕਿ 23 ਜ਼ਿਲ੍ਹਿਆਂ ਵਿੱਚ ਜਿੱਥੇ ਵਿਦਿਆਰਥੀਆਂ ਦੀ ਗਿਣਤੀ 500 ਤੋਂ ਵੱਧ ਹੈ, ਉੱਥੇ ਸਾਬਕਾ ਫੌਜੀਆਂ ਨੂੰ ਸੁਰੱਖਿਆ ਲਈ ਤਾਇਨਾਤ ਕੀਤਾ ਜਾਵੇਗਾ। ਜਿੱਥੇ ਕੁੜੀਆਂ ਦੇ ਸਕੂਲ ਹਨ ਉੱਥੇ ਵੀ ਸਿਖਲਾਈ ਪ੍ਰਾਪਤ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਨੇ। ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਅਜਿਹਾ ਕੰਮ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੋਵੇਗਾ, ਜਿੱਥੇ ਸਰਕਾਰੀ ਸਕੂਲਾਂ ਦੇ ਵਿੱਚ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿਣਗੇ। ਉਹਨਾਂ ਦੱਸਿਆ ਕਿ ਕਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਅਜਿਹੀ ਸੁਵਿਧਾ ਨਹੀਂ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ 1000 ਸੁਰੱਖਿਆ ਮੁਲਾਜ਼ਮਾਂ ਨੂੰ ਅੱਜ ਜੁਆਇਨ ਕਰਵਾ ਰਹੀ ਅਤੇ ਕੁੱਲ੍ਹ 1378 ਮੁਲਾਜ਼ਮ ਰੱਖੇ ਜਾਣਗੇ। ਇਸ ਨਾਲ ਸਕੂਲਾਂ ਦਾ ਮਹੌਲ ਬਦਲ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ 2000 ਕੈਂਪਸ ਮੈਨੇਜਰ ਰੱਖੇ ਨੇ, ਜੋਕਿ ਸਕੂਲ ਦਾ ਕੰਮ ਦੇਖਣਗੇ। ਇਸ ਤੋਂ ਇਲਾਵਾ 300 ਕੈਂਪਸ ਮੈਨੇਜਰ ਰੱਖੇ ਵੀ ਜਾ ਚੁੱਕੇ ਹਨ ਅਤੇ 600 ਹੋਰ ਦਾ ਵਿਗਿਆਪਨ ਦੇ ਦਿੱਤਾ ਹੈ। ਉਨ੍ਹਾਂ ਕਿਹਾ ਰਾਤ ਲਈ ਸਕੂਲਾਂ ਵਿੱਚ ਗਾਰਡ ਰੱਖੇ ਜਾਣਗੇ, ਇਸ ਤੋਂ ਇਲਾਵਾ ਸਕੂਲਾਂ ਵਿੱਚ ਸੁਰੱਖਿਆ ਗਾਰਡ ਇੱਕ ਘੰਟਾ ਪਹਿਲਾਂ ਆ ਜਾਣਗੇ।
ਸਫਾਈ ਵੱਲ ਵਿਸ਼ੇਸ਼ ਧਿਆਨ: ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਸਕੂਲਾਂ ਦੀ ਨੁਹਾਰ ਬਦਲਣ ਦੇ ਲਈ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਸਫ਼ਾਈ ਕਾਮੇ ਵੀ ਰੱਖੇ ਜਾ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਸਾਰੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਸਮਰੱਥਾ ਦੇ ਮੁਤਾਬਕ ਪ੍ਰਿੰਸੀਪਲ ਨੂੰ ਸਫਾਈ ਫੰਡ ਮੁੱਹਈਆ ਕਰਵਾਇਆ ਜਾਵੇਗਾ, ਜਿਸ ਨਾਲ ਉਹ ਸਕੂਲਾਂ ਦੀ ਸਫਾਈ ਕਰਵਾ ਸਕਣਗੇ। ਉਹਨਾਂ ਨੇ ਕਿਹਾ ਕਿ ਵੱਡੇ ਸਕੂਲ ਜਿਵੇਂ ਪੀਏਯੂ ਅਤੇ ਹੋਰ ਵੱਡੇ ਸਕੂਲ ਹਨ, ਜਿੱਥੇ 5 ਹਜ਼ਰ ਦੇ ਕਰੀਬ ਬੱਚੇ ਪੜ੍ਹਦੇ ਹਨ, ਉਹਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਫਾਈ ਫੰਡ ਮੁਹੱਈਆ ਕਰਵਾਇਆ ਜਾਵੇਗਾ। ਹਾਲਾਂਕਿ ਇਸ ਦੌਰਾਨ ਉਹਨਾਂ ਨੇ ਕਿਸੇ ਵੀ ਰਾਜਨੀਤਿਕ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਸਕੂਲਾਂ ਬਾਰੇ ਜਰੂਰ ਖੁੱਲ੍ਹ ਕੇ ਗੱਲ ਕੀਤੀ ਅਤੇ ਕਿਹਾ ਕਿ ਉਹ ਸਿੱਖਿਆ ਦੇ ਖੇਤਰ ਦੇ ਵਿੱਚ ਲੱਗੇ ਹੋਏ ਹਨ ਅਤੇ ਉਸ ਵਿੱਚ ਵੱਡੇ ਸੁਧਾਰ ਕਰ ਰਹੇ ਹਨ।