ਖੰਨਾ/ਲੁਧਿਆਣਾ: ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਉੱਤਰਾਖੰਡ ਅਤੇ ਰਾਜਸਥਾਨ ਦਾ ਖਤਰਨਾਕ ਗੈਂਗਸਟਰ ਅਮਿਤ ਮਲਿਕ ਉਰਫ਼ ਭੂਰਾ ਖੰਨਾ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਬਠਿੰਡਾ ਜੇਲ੍ਹ ਵਿੱਚ ਬੰਦ ਅਮਿਤ ਭੂਰਾ (Amit Bhura in jail) ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ। 6 ਸਤੰਬਰ 2023 ਨੂੰ ਥਾਣਾ ਸਦਰ ਖੰਨਾ 'ਚ ਦਰਜ ਹੋਏ ਅਸਲਾ ਐਕਟ ਦੇ ਮਾਮਲੇ 'ਚ ਅਮਿਤ ਭੂਰਾ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਜੇਲ੍ਹ 'ਚ ਰਹਿੰਦਿਆਂ ਹਥਿਆਰਾਂ ਦੀ ਤਸਕਰੀ ਅਤੇ ਗਿਰੋਹ ਚਲਾਉਣ ਦਾ ਸ਼ੱਕ ਹੈ। ਇਸ ਸਬੰਧੀ ਖੰਨਾ ਪੁਲਿਸ ਦੀਆਂ ਟੀਮਾਂ ਪੁੱਛਗਿੱਛ ਕਰ ਰਹੀਆਂ ਹਨ। ਅਮਿਤ ਭੂਰਾ ਨੂੰ ਸ਼ੁੱਕਰਵਾਰ ਨੂੰ ਭਾਰੀ ਪੁਲਿਸ ਫੋਰਸ ਦੀ ਨਿਗਰਾਨੀ ਹੇਠ ਖੰਨਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।
ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਵੀ ਕਰਵਾਇਆ ਗਿਆ। ਭੂਰਾ ਦੇ ਅਪਰਾਧਿਕ ਰਿਕਾਰਡ ਨੂੰ ਦੇਖਦੇ ਹੋਏ ਉਸ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ। ਦੱਸ ਦਈਏ ਕਿ 6 ਸਤੰਬਰ 2023 ਨੂੰ ਥਾਣਾ ਸਦਰ ਖੰਨਾ ਦੀ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਪਿੰਡ ਬਿਲਰੀ ਦੇ ਰਹਿਣ ਵਾਲੇ ਮੁਹੰਮਦ ਯਾਸੀਨ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੁਹੰਮਦ ਯਾਸੀਨ ਤੋਂ ਪੁੱਛਗਿੱਛ ਦੌਰਾਨ ਗੈਂਗਸਟਰ ਅਮਿਤ ਭੂਰਾ (Gangster Amit Bhura) ਦਾ ਨਾਂ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ। ਅਮਿਤ ਭੂਰਾ ਨੂੰ ਇੱਕ ਐੱਸਪੀ, ਤਿੰਨ ਡੀਐੱਸਪੀ ਅਤੇ ਚਾਰ ਇੰਸਪੈਕਟਰਾਂ ਦੀ ਨਿਗਰਾਨੀ ਹੇਠ ਭਾਰੀ ਪੁਲਿਸ ਫੋਰਸ ਦੀ ਹਾਜ਼ਰੀ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਕੌਣ ਹੈ ਗੈਂਗਸਟਰ ਭੂਰਾ?: ਗੈਂਗਸਟਰ ਅਮਿਤ ਮਲਿਕ, ਜਿਸ ਦਾ ਬਾਅਦ ਵਿੱਚ ਨਾਮ ਭੂਰਾ ਪਿਆ। ਇਸ ਦਾ ਕਾਰਨ ਇਹ ਹੈ ਕਿ ਅਮਿਤ ਆਪਣੇ ਗੋਰੇ ਰੰਗ ਦੇ ਕਾਰਨ ਅਪਰਾਧ ਦੀ ਦੁਨੀਆ ਵਿੱਚ ਭੂਰਾ ਦੇ ਨਾਂ ਤੋਂ ਜਾਣਿਆ ਜਾਣ ਲੱਗਾ। ਉਹ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਪਿੰਡ ਸਾਰਨਵਾਲੀ ਦਾ ਰਹਿਣ ਵਾਲਾ ਹੈ। 16 ਸਾਲ ਦੀ ਉਮਰ ਵਿੱਚ ਭੂਰਾ ਬਾਈਕ ਚੋਰੀ ਦੇ ਕੇਸ ਵਿੱਚ ਫੜਿਆ ਗਿਆ ਸੀ। ਸਾਲ 2002 'ਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਬਾਈਕ ਚੋਰੀ ਦੇ ਮਾਮਲੇ ਦੇ ਮੁੱਖ ਗਵਾਹ ਮੈਡੀਕਲ ਸਟੋਰ ਮਾਲਕ ਵਿਨੀਤ ਦਾ ਕਤਲ ਕਰ ਦਿੱਤਾ ਗਿਆ ਸੀ। ਅਪਰਾਧ ਦੀ ਦੁਨੀਆਂ ਵਿੱਚ ਨਿੱਤ ਨਵੀਆਂ ਪੌੜੀਆਂ ਚੜ੍ਹ ਰਿਹਾ ਭੂਰਾ ਪੱਛਮੀ ਯੂਪੀ ਦੇ ਖ਼ਤਰਨਾਕ ਮਾਫ਼ੀਆ ਸੁਨੀਲ ਰਾਠੀ ਦੇ ਸੰਪਰਕ ਵਿੱਚ ਆਇਆ। ਰਾਠੀ ਦੇ ਨਿਰਦੇਸ਼ਾਂ 'ਤੇ ਸਾਲ 2002 'ਚ ਅਮਿਤ ਭੂਰਾ ਨੇ ਗੈਂਗਸਟਰ ਉਦੈਵੀਰ ਕਾਲਾ ਦਾ ਕਤਲ (Murder of gangster Udayveer Kala) ਕਰ ਦਿੱਤਾ ਸੀ।