ਲੁਧਿਆਣਾ ਸਾਊਥ ਸਿਟੀ ਨਹਿਰ 'ਚ ਮਿਲੀ ਅਣਪਛਾਤੀ ਲਾਸ਼ ਲੁਧਿਆਣਾ: ਸਾਊਥ ਸਿਟੀ ਇਲਾਕੇ 'ਚ ਸਥਿਤ ਸਿੱਧਵਾਂ ਨਹਿਰ ਵਿੱਚ ਬੀਤੀ ਦੇਰ ਰਾਤ ਪੁਲਿਸ ਨੂੰ ਲਾਸ਼ ਮਿਲਣ ਦੀ ਜਾਣਕਾਰੀ ਮਿਲੀ। ਇਸ ਤੋਂ ਬਾਅਦ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਜਿਸ ਤੋਂ ਲੱਗ ਰਿਹਾ ਸੀ ਕੇ ਮ੍ਰਿਤਕ ਲਾਸ਼ ਕਿਸੇ ਮਰਦ ਦੀ ਹੈ ਅਤੇ ਲਾਸ਼ ਨੂੰ ਨਹਿਰ ਵਿੱਚ ਪਏ ਕਾਫੀ ਸਮਾਂ ਹੋ ਗਿਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈਕੇ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਲਾਸ਼ ਦੀ ਸ਼ਨਾਖਤ ਕਰਨੀ ਔਖੀ: ਲਾਸ਼ ਉੱਤੇ ਕੋਈ ਕੱਪੜੇ ਨਾ ਹੋਣ ਕਰਕੇ ਕੋਈ ਸ਼ਨਾਖ਼ਤੀ ਕਾਰਡ ਆਦਿ ਨਹੀਂ ਮਿਲ ਸਕਿਆ ਹੈ ਜਿਸ ਕਰਕੇ ਸ਼ਨਾਖਤ ਕਰਨਾ ਪੁਲਿਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਨਹਿਰ ਵਿੱਚ ਲਾਸ਼ ਮਿਲਣ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਅੱਜ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਲਾਸ਼ ਬਾਰੇ ਪਤਾ ਲੱਗ ਸਕੇਗਾ।
ਹਰ ਪੱਖ ਤੋਂ ਜਾਂਚ ਜਾਰੀ: ਪੁਲਿਸ ਚੌਂਕੀ ਰਘੂਨਾਥ ਦੇ ਚੌਂਕੀ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕੇ ਉਨ੍ਹਾਂ ਨੂੰ ਨਹਿਰੀ ਮਹਿਕਮੇ ਤੋਂ ਹੀ ਨਹਿਰ ਵਿੱਚ ਲਾਸ਼ ਵੇਖੇ ਜਾਣ ਦੀ ਇਤਲਾਹ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਲਾਸ਼ ਨਹਿਰ ਚੋਂ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲੇ ਇਸ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਦੀ ਸ਼ਨਾਖਤ ਕਰਨ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕੀ ਮਾਮਲਾ ਹੈ।
ਮੁੱਢਲੀ ਤਫਤੀਸ਼ ਵਿੱਚ ਇਹ ਲੱਗ ਰਿਹਾ ਹੈ ਕੇ ਕਿਸੇ ਨੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ, ਪਰ ਪੁਲਿਸ ਹਰ ਪੱਖ ਦੀ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ। ਰਾਤ ਵੇਲ੍ਹੇ ਫਿਲਹਾਲ ਲਾਸ਼ ਨੂੰ ਸਿਵਲ ਹਸਪਤਾਲ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਅਤੇ ਅੱਜ ਯਾਨੀ ਬੁੱਧਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ। ਪੁਲਿਸ ਨੇੜੇ ਤੇੜੇ ਦੇ ਇਲਾਕੇ ਵਿੱਚ ਗੁੰਮਸ਼ੁਦਾ ਦੀਆਂ ਰਿਪੋਰਟਾਂ ਸਬੰਧੀ ਵੀ ਜਾਣਕਾਰੀ ਹਾਸਿਲ ਕਰ ਰਹੀ ਹੈ।