ਲੁਧਿਆਣਾ:ਲੁਧਿਆਣਾ ਦੇ ਵਿੱਚ ਬੀਤੇ ਦਿਨ ਹੋਏ ਦੋਹਰੇ ਕਤਲ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰ ਹੈਰਾਨ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ, ਦੋਵੇਂ ਬਜ਼ੁਰਗ ਪਤੀ ਪਤਨੀ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਹਨਾਂ ਦੇ ਹੀ ਇਕਲੌਤੇ ਪੁੱਤ ਹਰਮੀਤ ਸਿੰਘ ਨੇ ਕਤਲ ਕਰਵਾਇਆ ਹੈ।
ਜਿਸ ਲਈ ਬਕਾਇਦਾ 3 ਮੁਲਜ਼ਮਾਂ ਨੂੰ ਫਿਰੌਤੀ ਦੇ ਕੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਤਿਆਰ ਕੀਤਾ ਸੀ, ਇਸ ਮਾਮਲੇ ਅੰਦਰ ਬੁਜ਼ੁਰਗ ਪਤੀ ਪਤਨੀ ਦੇ ਬੇਟੇ ਅਤੇ 1 ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ 2 ਮੁਲਜ਼ਮਾਂ ਦੀ ਭਾਲ ਜਾਰੀ ਹੈ।
ਅਕਸਰ ਹੀ ਕਹਿੰਦੇ ਨੇ ਪੁੱਤ-ਕਪੁੱਤ ਹੋ ਸਕਦੇ ਹੋ, ਪਰ ਮਾਪੇ ਕਦੇ ਕੁਮਾਪੇ ਨਹੀਂ ਹੋ ਸਕਦੇ। ਅਜਿਹਾ ਹੀ ਮਾਮਲਾ ਲੁਧਿਆਣਾ ਦੇ ਜੀਟੀਬੀ ਨਗਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪੈਸਿਆਂ ਦੇ ਲਈ ਕਲਯੁਗੀ ਪੁੱਤਰ ਨੇ ਆਪਣੀ ਹੀ ਮਾਤਾ-ਪਿਤਾ ਨੂੰ ਫਿਰੌਤੀ ਦੇ ਕੇ ਮਰਵਾ ਦਿੱਤਾ।
ਮਾਂ ਪਿਓ ਦਾ ਕਤਲ ਕਰਵਾਉਣ ਲਈ ਪੁੱਤ ਨੇ ਹੀ ਦਿੱਤੀ ਸੁਪਾਰੀ ਇਸ ਸਬੰਧੀ ਅਹਿਮ ਖੁਲਾਸਾ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਆਪਣੇ ਮਾਤਾ-ਪਿਤਾ ਨਾਲ ਅਕੈਡਮੀ ਵਿੱਚ ਰਹਿੰਦਾ ਸੀ ਅਤੇ ਉਸ ਦੇ ਪਿਤਾ ਹਵਾਈ ਫੌਜ ਤੋਂ ਸੇਵਾ ਮੁਕਤ ਸਨ। ਦੋਵੇਂ ਭੈਣਾਂ ਦਾ ਵਿਆਹ ਹੋ ਚੁੱਕਾ ਸੀ ਅਤੇ ਸਾਰੇ ਘਰ ਦਾ ਖਰਚਾ ਆਮਦਨ ਆਦਿ ਉਸ ਦੇ ਮਾਤਾ ਪਿਤਾ ਦੇ ਹੱਥ ਸੀ, ਜਿਸ ਨੂੰ ਆਪਣੇ ਹੱਥ ਰੱਖਣ ਲਈ ਉਸ ਨੇ ਆਪਣੇ ਹੀ ਮਾਤਾ ਪਿਤਾ ਨੂੰ ਮਰਵਾ ਦਿੱਤਾ।
ਇਸ ਦੌਰਾਨ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਸਭ ਪਲਾਨਿੰਗ ਨਾਲ ਹੋਇਆ। ਮੁਲਜ਼ਮ ਪੁੱਤਰ ਨੇ ਇਨ੍ਹਾਂ 3 ਮੁਲਜ਼ਮਾਂ ਨੂੰ ਆਪਣੇ ਮਾਤਾ-ਪਿਤਾ ਦੇ ਕਤਲ ਲਈ ਢਾਈ ਲੱਖ ਰੁਪਏ ਦੀ ਗੱਲ ਕੀਤੀ ਸੀ ਤੇ ਯੋਜਨਾ ਮੁਤਾਬਿਕ ਮੁਲਜ਼ਮ ਨੇ ਵਾਰਦਾਤ ਵਾਲੇ ਦਿਨ ਪਹਿਲਾ ਹੀ ਘਰ ਖੁੱਲ੍ਹਾ ਛੱਡ ਦਿੱਤਾ। ਜਿਸ ਤੋਂ ਬਾਅਦ 3 ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਤੇ ਡੀ.ਵੀ.ਆਰ ਵੀ ਨਾਲ ਲੈ ਗਏ।
ਮੁਲਜ਼ਮਾਂ ਨੇ ਘਰ ਵਿੱਚ ਲੁੱਟ ਵਰਗਾ ਮਾਹੌਲ ਬਣਾਉਣ ਲਈ ਥੋੜ੍ਹੇ ਪੈਸੇ ਅਤੇ ਮ੍ਰਿਤਕ ਦੇ ਹੱਥੋਂ ਸੋਨੇ ਦੀ ਮੁੰਦਰੀ ਵੀ ਲਹਾ ਲਈ, ਪਰ ਪੁਲਿਸ ਨੇ ਪੜਤਾਲ ਦੇ ਦੌਰਾਨ ਸਾਰੀ ਗੁੱਥੀ ਖੋਲ੍ਹ ਦਿੱਤੀ। ਇਸ ਨੂੰ ਲੈਕੇ ਮੁਲਜ਼ਮਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ, ਫਿਲਹਾਲ ਪੁਲਿਸ ਨੇ ਡੀ.ਵੀ.ਆਰ ਬਰਾਮਦ ਕਰ ਲਿਆ ਹੈ। ਪੁਲਿਸ ਨੇ ਬਜ਼ੁਰਗ ਪਤੀ-ਪਤਨੀ ਦੇ ਬੇਟੇ ਤੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 3 ਮੁਲਜ਼ਮਾਂ ਚੋਂ 1 ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਬਾਕੀਆਂ ਦੀ ਭਾਲ ਜਾਰੀ ਹੈ।
ਇਹ ਵੀ ਪੜੋ:-ਭ੍ਰਿਸ਼ਟਾਚਾਰ ਨੂੰ ਲੈਕੇ ਵਿੱਤ ਮੰਤਰੀ ਦਾ ਵੱਡਾ ਬਿਆਨ, ਕਿਹਾ...