ਲੁਧਿਆਣਾ: ਪੁਲਿਸ ਵੱਲੋਂ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ ਅਤੇ ਹੁਣ ਵਾਰ-ਵਾਰ ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਣ ਵਾਲਿਆਂ ਦੇ ਪਾਸਪੋਰਟ, ਅਸਲਾ ਲਾਇਸੈਂਸ ਤੱਕ ਰੱਦ ਹੋ ਜਾਣਗੇ। ਦਰਅਸਲ ਵੱਖ-ਵੱਖ ਦੇਸ਼ਾਂ ਦੀਆਂ ਅੰਬੈਸੀਆਂ ਵੀਜ਼ਾ ਦੇਣ ਤੋਂ ਪਹਿਲਾਂ ਅਪਰਾਧਕ ਰਿਕਾਰਡ ਦੇ ਨਾਲ ਚਲਾਨਾਂ ਦਾ ਵੀ ਰਿਕਾਰਡ ਲਵੇਗੀ।
ਵਿਦੇਸ਼ ਜਾਣਾ ਹੋ ਸਕਦਾ ਹੈ ਔਖਾ ਜੇਕਰ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਆਦੀ ਹੈ ਤਾਂ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਨਹੀਂ ਹੋਵੇਗਾ। ਪੁਲਿਸ ਕਮਿਸ਼ਨਰ ਨੇ ਇਸ ਬਾਰੇ ਦੱਸਿਆ ਕਿ ਹੁਣ ਵਾਰ-ਵਾਰ ਟ੍ਰੈਫਿਕ ਨਿਯਮਾਂ ਦੀ ਅਣਗਹਿਲੀ ਕਰਨਾ ਮਹਿੰਗਾ ਪੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਾ ਸਿਰਫ਼ ਪਾਸਪੋਰਟ ਸਗੋਂ ਅਸਲਾ ਲਾਇਸੈਂਸ ਵੀ ਅਜਿਹਾ ਕਰਨ ਨਾਲ ਰੱਦ ਹੋ ਸਕਦਾ ਹੈ।
ਇਹ ਵੀ ਪੜ੍ਹੋ: ਕਰਨਾਟਕ ਦੇ ਨਿਤਿਨ ਦਾ ਪਲਾਸਟਿਕ ਮੁਕਤ ਸ਼ਹਿਰ ਬਣਾਉਣ ਲਈ ਖ਼ਾਸ ਉਪਰਾਲਾ
ਉਧਰ ਵਿਦੇਸ਼ਾਂ 'ਚ ਜਾਣ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਅਤੇ ਲੋਕਾਂ ਨੇ ਟ੍ਰੈਫਿਕ ਪੁਲਿਸ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਆਪਣੇ ਦੇਸ਼ ਵਿੱਚ ਨਿਯਮਾਂ ਨੂੰ ਛਿੱਕੇ ਟੰਗਦੇ ਹਨ ਉਹ ਬਾਹਰ ਜਾ ਕੇ ਵੀ ਅਜਿਹਾ ਹੀ ਕਰਨਗੇ।
ਜ਼ਿਕਰੇਖ਼ਾਸ ਹੈ ਕਿ ਬੀਤੇ ਕੁਝ ਸਾਲਾਂ 'ਚ ਵਿਦੇਸ਼ਾਂ 'ਚ ਜਾ ਕੇ ਵਸੇ ਪੰਜਾਬੀਆਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਜਿਸ ਦੇ ਮੱਦੇਨਜ਼ਰ ਹੁਣ ਵੱਖ-ਵੱਖ ਦੇਸ਼ਾਂ ਦੀ ਸਫ਼ਾਰਤਖ਼ਾਨਿਆਂ ਵੱਲੋਂ ਇਹ ਤਜਵੀਜ਼ ਰੱਖੀ ਗਈ ਹੈ ਕਿ ਵੀਜ਼ਾ ਲੱਗਣ ਤੋਂ ਪਹਿਲਾਂ ਵਿਅਕਤੀ ਦੇ ਅਪਰਾਧਿਕ ਰਿਕਾਰਡ ਦੇ ਨਾਲ ਚਲਾਨਾਂ ਦਾ ਰਿਕਾਰਡ ਵੀ ਦੇਖਿਆ ਕੀਤਾ ਜਾਵੇਗਾ।