ਲੁਧਿਆਣਾ:ਪੰਜਾਬ ਕਾਂਗਰਸ ਦੇ ਸੀਐਮ ਉਮੀਦਵਾਰ ਚਰਨਜੀਤ ਚੰਨੀ ਦੇ ਪਰਵਾਸੀ ਭਾਈਚਾਰੇ ਨੂੰ ਲੈਕੇ ਸਾਹਮਣੇ ਆਏ ਬਿਆਨ ਤੋਂ ਪਰਵਾਸੀ ਭਾਈਚਾਰੇ ਵਿੱਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸਦੇ ਚੱਲਦੇ ਪਰਵਾਸੀ ਭਾਈਚਾਰੇ ਵੱਲੋਂ ਬਸਤੀ ਜੋਧੇਵਾਲ ਵਿਖੇ ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਤੋਂ ਪਹਿਲਾਂ ਉਨ੍ਹਾਂ ਖਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ ਹੈ।
ਚੰਨੀ ਦੇ ਵਿਵਾਦਿਤ ਬਿਆਨ ’ਤੇ ਭੜਕਿਆ ਪਰਵਾਸੀ ਭਾਈਚਾਰਾ
ਪਰਵਾਸੀ ਭਾਈਚਾਰੇ ਵੱਲੋਂ ਕਾਲੀਆਂ ਝੰਡੀਆਂ ਚੁੱਕ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਹੈ ਅਤੇ ਜੰਮਕੇ ਚਰਨਜੀਤ ਚੰਨੀ ਅਤੇ ਪ੍ਰਿਯੰਕਾ ਗਾਂਧੀ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਚੰਨੀ ਵਰ੍ਹਦਿਆਂ ਕਿਹਾ ਕਿ ਉਹ ਪਰਵਾਸੀ ਭਾਈਚਾਰੇ ਤੋਂ ਮੁਆਫੀ ਮੰਗਣ।
ਪ੍ਰਿਯੰਕਾ ਗਾਂਧੀ ਦੀ ਰੈਲੀ ਦੇ ਵਿਰੋਧ ਕਰਨ ਦਾ ਐਲਾਨ
ਗੁੱਸੇ ਵਿੱਚ ਆਏ ਪਰਵਾਸੀ ਪੰਜਾਬੀਆਂ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਪ੍ਰਿਯੰਕਾ ਗਾਂਧੀ ਨੂੰ ਲੁਧਿਆਣਾ ਵਿੱਚ ਰੈਲੀ ਨਹੀਂ ਕਰਨ ਦੇਣਗੇ ਅਤੇ ਉਹ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਪ੍ਰਦਰਸ਼ਨ ਕਰਨਗੇ। ਪਰਵਾਸੀ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਉਹ ਪੰਜਾਬ ਦੇ ਵਿੱਚ ਮਿਹਨਤ ਕਰਨ ਆਏ ਹਨ ਅਤੇ ਚਰਨਜੀਤ ਚੰਨੀ ਉਨ੍ਹਾਂ ਨੂੰ ਇੱਥੋਂ ਭਜਾਉਣ ਦੀਆਂ ਗੱਲਾਂ ਕਰ ਰਹੇ ਹਨ ਜੋ ਕਿ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਦਾ ਉਹ ਡੱਟ ਕੇ ਵਿਰੋਧ ਕਰਨਗੇ ਅਤੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵੀ ਵਿਖਾਉਣਗੇ। ਉਨ੍ਹਾਂ ਕਿਹਾ ਕਿ ਜੋ ਚੰਨੀ ਦਾ ਬਿਆਨ ਆਇਆ ਹੈ ਉਹ ਮੰਦਭਾਗਾ ਹੈ।