ਲੁਧਿਆਣਾ:ਵਿਧਾਨ ਸਭਾ ਹਲਕਾ ਪਾਇਲ ਅੰਦਰ ਰਾੜਾ ਸਾਹਿਬ ਵਿਖੇ ਧੜੱਲੇ ਦੇ ਨਾਲ ਸ਼ਰੇਆਮ ਗੈਰ ਕਾਨੂੰਨੀ ਤਰੀਕੇ ਨਾਲ ਲਾਟਰੀ ਦੀਆਂ ਦੁਕਾਨਾਂ ਚੱਲ ਰਹੀਆਂ ਹਨ। ਜਿੱਥੇ ਗਰੀਬ ਲੋਕਾਂ ਨੂੰ 10 ਰੁਪਏ ਬਦਲੇ 90 ਰੁਪਏ ਦੇਣ ਦਾ ਲਾਲਚ ਦੇ ਕੇ ਉਹਨਾਂ ਦੀ ਲੁੱਟ ਕੀਤੀ ਜਾਂਦੀ ਹੈ। ਨੇਪਾਲ ਦੀ ਲਾਟਰੀ ਹੋਣ ਦਾ ਝਾਂਸਾ ਦੇ ਕੇ ਦੁਕਾਨਾਂ ਅੰਦਰ ਬੈਠੇ ਦੁਕਾਨਦਾਰ ਖ਼ੁਦ ਹੀ ਨੰਬਰ ਕੱਢਦੇ ਹਨ ਅਤੇ ਇਹ ਲਾਟਰੀ 12 ਘੰਟੇ ਚੱਲਦੀ ਹੈ। ਹਰ 15 ਮਿੰਟ ਬਾਅਦ ਤਿੰਨ ਨੰਬਰ ਕੱਢੇ ਜਾਂਦੇ ਹਨ। ਲਾਟਰੀ ਵਾਲਿਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਇਹਨਾਂ ਨੂੰ ਪੁਲਿਸ ਦਾ ਕੋਈ ਖੌਫ਼ ਨਹੀਂ ਦਿਖਾਈ ਦੇ ਰਿਹਾ ਅਤੇ ਹੈਰਾਨੀ ਦੀ ਗੱਲ ਤਾ ਇਹ ਹੈ ਕਿ ਪੁਲਿਸ ਵੀ ਇਹਨਾਂ ਤੇ ਰਹਿਮ ਕਰ ਅਣਜਾਣ ਬਾਣੀ ਬੈਠੀ ਹੈ।
ਜਦੋਂ ਰਾੜਾ ਸਾਹਿਬ ਵਿਖੇ ਚੱਲ ਰਹੇ ਲਾਟਰੀ ਦੇ ਗੈਰ ਕਾਨੂੰਨੀ ਧੰਦੇ ਨੂੰ ਕੈਮਰੇ ਚ ਕੈਦ ਕੀਤਾ ਗਿਆ ਤਾਂ ਇਸਦਾ ਸਰਗਨਾ ਕੈਮਰਾ ਬੰਦ ਕਰਨ ਦੀਆਂ ਧਮਕੀਆਂ ਦੇਣ ਲੱਗਾ। ਕੈਮਰੇ ਨੂੰ ਦੇਖ ਕੇ ਇਹ ਧੰਦਾ ਕਰਨ ਵਾਲੇ ਦੁਕਾਨਾਂ ਚੋਂ ਭੱਜ ਨਿਕਲੇ। ਉਥੇ ਮੌਜੂਦ ਕੁੱਝ ਗਰੀਬ ਲੋਕਾਂ ਨੇ ਦੱਸਿਆ ਕਿ ਉਹ ਲਾਟਰੀ ਖੇਡਣ ਆਉਂਦੇ ਹਨ ਅਤੇ 10-50 ਰੁਪਏ ਦੀ ਲਾਟਰੀ ਪਾ ਲੈਂਦੇ ਹਨ। ਨੰਬਰ ਆਉਣ ਤੇ 10 ਰੁਪਏ ਦੇ 90 ਰੁਪਏ ਮਿਲਦੇ ਹਨ। ਇਸ ਪੂਰੇ ਧੰਦੇ ਨੂੰ ਲੈ ਕੇ ਪਾਇਲ ਦੇ ਸਮਾਜ ਸੇਵੀ ਗੁਰਦੀਪ ਸਿੰਘ ਕਾਲੀ ਨੇ ਪੁਲਿਸ ਅਤੇ ਸਰਕਾਰ ਉੱਪਰ ਸਵਾਲ ਚੁੱਕਦੇ ਹੋਏ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ ਪਾਇਲ ਅੰਦਰ ਘਰ-ਘਰ ਨਸ਼ਾ ਤਾਂ ਵਿਕਦਾ ਹੀ ਸੀ ਕਿ ਲਾਟਰੀ ਦਾ ਧੰਦਾ ਵੀ ਸ਼ਰੇਆਮ ਹੋਣ ਲੱਗ ਪਿਆ ਹੈ ਅਤੇ ਪੁਲਿਸ ਵੀ ਅੱਖਾਂ ਬੰਦ ਕਰ ਕੇ ਬੈਠੀ ਹੈ।