ਲੁਧਿਆਣਾ/ਖੰਨਾ : ਖੰਨਾ ਵਿੱਚ ਡੀਜੀਪੀ ਗੌਰਵ ਯਾਦਵ ਦੇ ਦੌਰੇ ਤੋਂ ਕੁਝ ਘੰਟੇ ਬਾਅਦ ਹੀ ਚੋਰਾਂ ਨੇ ਸਾਈਂ ਮੰਦਰ ਵਿੱਚੋਂ ਮੂਰਤੀ ਸਮੇਤ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ। ਘਟਨਾ ਸਮਰਾਲਾ ਥਾਣੇ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਵਾਪਰੀ ਹੈ। ਇਸ ਘਟਨਾ ਤੋਂ ਬਾਅਦ ਸ਼ਰਧਾਲੂਆਂ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਰੱਬ ਦੇ ਘਰ ਹੀ ਸੁਰੱਖਿਅਤ ਨਹੀਂ ਤਾਂ ਪੁਲਿਸ ਕੀ ਗਸ਼ਤ ਕਰ ਰਹੀ ਹੈ। ਇਹ ਵਾਰਦਾਤ ਪੁਲਿਸ ਲਈ ਚੋਰਾਂ ਦੀ ਇੱਕ ਤਰ੍ਹਾਂ ਦੀ ਚੁਣੌਤੀ ਵੀ ਹੈ। ਕਿਉਂਕਿ ਇੱਕ ਪਾਸੇ ਖੰਨਾ 'ਚ ਕੁੱਝ ਘੰਟੇ ਪਹਿਲਾਂ ਡੀਜੀਪੀ ਗੌਰਵ ਯਾਦਵ ਲੁਧਿਆਣਾ ਰੇਂਜ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੰਦੇ ਹਨ, ਉੱਥੇ ਹੀ ਮੀਟਿੰਗ ਦੇ ਕੁਝ ਘੰਟੇ ਮਗਰੋਂ ਥਾਣੇ ਤੋਂ ਥੋੜੀ ਦੂਰੀ 'ਤੇ ਇੱਕ ਮੰਦਰ 'ਚ ਚੋਰੀ ਦੀ ਘਟਨਾ ਵਾਪਰ ਜਾਂਦੀ ਹੈ।
ਰਾਤ ਵੇਲੇ ਹੋਈ ਚੋਰੀ :ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਨਿਵਾਸੀ ਮੋਹਿਤ ਸ਼ਰਮਾ ਨੇ ਦੱਸਿਆ ਕਿ ਰਾਤ ਕਰੀਬ ਸਾਢੇ 10 ਵਜੇ ਮੰਦਰ ਬੰਦ ਕੀਤਾ ਗਿਆ ਸੀ। ਜਦੋਂ ਸਵੇਰੇ 4 ਵਜੇ ਦੇ ਕਰੀਬ ਖੋਲ੍ਹਿਆ ਗਿਆ ਤਾਂ ਦੇਖਿਆ ਕਿ ਮੰਦਰ ਵਿੱਚ ਚੋਰੀ ਹੋ ਗਈ ਹੈ। ਚੋਰਾਂ ਨੇ ਪਹਿਲਾਂ ਖਿੜਕੀ ਤੋੜੀ ਅਤੇ ਫਿਰ ਲੋਹੇ ਦੇ ਜਾਲ ਨੂੰ ਕੱਟਿਆ, ਜਿਸ ਤੋਂ ਬਾਅਦ ਇੱਟ ਨਾਲ ਸ਼ੀਸ਼ਾ ਤੋੜ ਕੇ ਮੂਰਤੀ ਚੋਰੀ ਕਰਕੇ ਲੈ ਗਏ। ਮੰਦਰ ਵਿੱਚੋਂ ਭਾਂਡੇ ਵੀ ਚੋਰੀ ਹੋ ਗਏ ਹਨ।