ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਜਾਣਕਾਰੀ ਦਿੰਦੇ ਹੋਏ ਲੁਧਿਆਣਾ: ਪੁਲਿਸ ਨੇ ਬੀਤੇ ਦਿਨ ਪੂਜਾ ਨਾਂ ਦੀ ਮਹਿਲਾ ਦੇ ਕਤਲ ਦੀ ਅੰਨ੍ਹੀ ਗੁੱਥੀ ਨੂੰ 12 ਘੰਟਿਆਂ 'ਚ ਸੁਲਝਾ ਲਿਆ ਹੈ। ਇਸ ਵਾਰਦਾਤ 'ਚ ਕੋਈ ਹੋਰ ਨਹੀਂ ਸਗੋਂ ਮਹਿਲਾ ਦਾ ਪਤੀ ਹੀ ਉਸ ਦਾ ਕਾਤਲ ਨਿਕਲਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਕਤਲ ਨੂੰ ਅੰਜ਼ਾਮ ਦੇਣ ਦਾ ਕਾਰਨ ਆਪਸੀ ਝਗੜਾ ਦੱਸਿਆ ਜਾ ਰਿਹਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮ੍ਰਿਤਕ ਦੇ ਵਿਆਹ ਨੂੰ 6 ਸਾਲ ਹੋਏ ਸਨ ਤੇ ਮੁਲਜ਼ਮ ਦੀ ਪਹਿਲੀ ਪਤਨੀ ਤੋਂ ਵੀ 2 ਬੱਚੇ ਸਨ, ਜਦੋਂ ਕਿ ਪੂਜਾ ਜਿਸ ਦਾ ਕਤਲ ਕੀਤਾ ਗਿਆ ਉਸ ਦੇ ਵੀ 2 ਬੱਚੇ ਸਨ। (Husband Murdered his Wife)
ਪਤੀ ਹੀ ਨਿਕਲਿਆ ਪਤਨੀ ਦਾ ਕਾਤਲ: ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵਲੋਂ ਇਸ ਮਾਮਲੇ 'ਚ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਜਿਸ 'ਚ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਕਾਬੂ ਕੀਤੇ ਮੁਲਜ਼ਮ ਦੇ ਬਿਆਨਾਂ ਅਨੁਸਾਰ ਉਸ ਦੀ ਪਤਨੀ ਪੂਜਾ ਮੁਲਜ਼ਮ ਦੀ ਪਹਿਲੀ ਪਤਨੀ ਦੇ ਬੱਚਿਆਂ ਨੂੰ ਕੁੱਟਦੀ ਸੀ, ਜਿਸ ਕਾਰਨ ਉਸ ਨੇ ਪਤਨੀ ਨੂੰ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਬੱਚੇ ਦਾ ਕਤਲ 'ਚ ਕੋਈ ਰੋਲ ਨਹੀਂ ਸੀ, ਹਾਲਾਂਕਿ ਉਸ ਨੇ ਪਤਾ ਹੋਣ ਦੇ ਬਾਵਜੂਦ ਪੁਲਿਸ ਨੂੰ ਨਹੀਂ ਦੱਸਿਆ। ਪੁਲਿਸ ਨੇ ਕਿਹਾ ਕਿ ਬੱਚੇ ਨੂੰ ਮੁਲਜ਼ਮ ਨਹੀਂ ਬਣਾ ਰਹੇ ਹਨ।
ਕਤਲ ਨੂੰ ਚੋਰੀ ਤੇ ਲੁੱਟ ਖੋਹ ਦਾ ਰੂਪ ਦੇਣ ਦੀ ਕੋਸ਼ਿਸ਼:ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੀ ਪਤਨੀ ਦਾ ਕਤਲ ਘਰ 'ਚ ਹੀ ਪਏ ਇਕ ਕਟਰ ਨਾਲ ਕੀਤਾ। ਉਨ੍ਹਾਂ ਦੱਸਿਆ ਕਿ ਕਤਲ ਨੂੰ ਲੁੱਟ ਦੀ ਵਾਰਦਾਤ ਦਰਸਾਉਣ ਦੀ ਮਨਸ਼ਾ ਦੇ ਨਾਲ ਘਰ ਦੀ ਫ਼ਰੋਲਾ ਫਰਾਲੀ ਕੀਤੀ ਸੀ ਪਰ ਮ੍ਰਿਤਕ ਮਹਿਲਾ ਦੇ ਗਲ ਤੋਂ ਨਾ ਤਾਂ ਚੇਨ ਲਾਹੀ ਗਈ ਸੀ ਅਤੇ ਨਾ ਹੀ ਕੰਨ ਦੀਆਂ ਵਾਲੀਆਂ ਖੋਲੀਆਂ ਗਈਆਂ ਸਨ, ਜਿਸ ਕਾਰਨ ਪੁਲਿਸ ਨੂੰ ਇਸ ਵਾਰਦਾਤ 'ਤੇ ਸ਼ੱਕ ਹੋਇਆ।
ਖੁਦ ਬਚਣ ਲਈ ਕੀਤੀ ਵੀਡੀਓ ਕਾਲ 'ਤੇ ਗੱਲ: ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਵਾਰਦਾਤ ਵਾਲੇ ਦਿਨ ਪਹਿਲਾਂ ਫਗਵਾੜਾ ਗਿਆ ਸੀ, ਫਿਰ ਘਰ ਆ ਕੇ ਕਤਲ ਕਰਨ ਤੋਂ ਬਾਅਦ ਫਗਵਾੜਾ ਵਾਪਸ ਚਲਾ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਉਥੋਂ ਵੀਡਿਓ ਕਾਲ ਵੀ ਕੀਤੀ ਸੀ ਤਾਂ ਜੋ ਸਭ ਨੂੰ ਇਹ ਲੱਗੇ ਕਿ ਉਹ ਫਗਵਾੜਾ 'ਚ ਹੀ ਰਿਹਾ ਤੇ ਉਸ ਨੇ ਆਪਣੇ ਸਹੁਰੇ ਨਾਲ ਵੀ ਗੱਲ ਕੀਤੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਬੀਤੇ ਕੱਲ੍ਹ 7 ਵਜੇ ਦੇ ਕਰੀਬ ਕਤਲ ਹੋਇਆ ਸੀ ਅਤੇ ਅਸੀਂ 12 ਘੰਟਿਆਂ 'ਚ ਕਤਲ ਨੂੰ ਸੁਲਝਾ ਲਿਆ ਹੈ।
ਪਹਿਲੀ ਪਤਨੀ ਦੇ ਬੱਚਿਆਂ ਦੀ ਕੁੱਟਮਾਰ ਕਰਨ ਦੇ ਚੱਲਦੇ ਕਤਲ: ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪਹਿਲੀ ਪਤਨੀ ਦੇ ਬੱਚਿਆਂ ਨੂੰ ਮ੍ਰਿਤਕ ਮਹਿਲਾ ਮਾਰਦੀ ਕੁੱਟਦੀ ਸੀ, ਜਿਸ ਕਾਰਨ ਉਸ ਨੇ ਮਹਿਲਾ ਦਾ ਕਤਲ ਕੀਤਾ। ਮ੍ਰਿਤਕ ਪੂਜਾ ਦਾ ਦੂਜਾ ਵਿਆਹ ਸੀ, ਪੂਜਾ ਢੋਲਵਾਲ ਚੌਂਕ ਦੀ ਰਹਿਣ ਵਾਲੀ ਸੀ। ਪੁਲਿਸ ਨੇ ਕਿਹਾ ਕਿ ਅਸੀਂ ਕੈਮਰਿਆਂ ਦੀ ਮਦਦ ਦੇ ਨਾਲ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਵਰਧਮਾਨ 'ਚ ਸੁਪਰ ਵਾਇਜ਼ਰ ਦਾ ਕੰਮ ਕਰਦਾ ਸੀ। ਮੁਲਜ਼ਮ ਦਾ ਪਹਿਲਾਂ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ।