ਕੀ ਸਿਖ ਕੇ ਆਏ ਸਿੰਗਾਪੁਰ ਟ੍ਰੇਨਿੰਗ ਲਈ ਗਏ ਪੰਜਾਬ ਦੇ ਸਕੂਲ ਪ੍ਰਿੰਸੀਪਲਜ਼, ਸੁਣੋ ਇੱਕ-ਇੱਕ ਦਿਲਚਸਪ ਗੱਲ
ਲੁਧਿਆਣਾ: ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ 'ਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਸਿੰਗਾਪੁਰ ਜਾ ਕੇ ਉੱਥੇ ਦਾ ਸਿੱਖਿਆ ਮਾਡਲ ਸਿੱਖ ਰਹੇ ਹਨ। ਇਕ ਬੈਚ ਵਿੱਚ 72 ਪ੍ਰਿੰਸੀਪਲ ਜਾਂਦੇ ਹਨ। ਹਾਲ ਹੀ, ਵਿੱਚ ਸਿੰਗਾਪੁਰ ਗਿਆ ਬੈਚ 24 ਜੁਲਾਈ ਤੋਂ 28 ਜੁਲਾਈ ਤੱਕ ਉੱਥੇ ਰਿਹਾ ਹੈ। ਇਸ ਵਿੱਚ ਲੁਧਿਆਣਾ ਦੇ ਸਰਕਾਰੀ ਸਕੂਲਾਂ ਨਾਲ ਸਬੰਧਿਤ 4 ਪ੍ਰਿੰਸੀਪਲ ਵੀ ਸ਼ਾਮਿਲ ਹਨ, ਜਿਨ੍ਹਾਂ ਵਿੱਚ ਇਕ ਲੁਧਿਆਣਾ ਦੇ ਸਰਕਾਰੀ ਸਮਾਰਟ ਸਕੂਲ ਜਗਰਾਓਂ ਪੁਲ, ਸਰਕਾਰੀ ਸਕੂਲ ਭੁਥਰੀ ਦੀ ਪ੍ਰਿੰਸੀਪਲ, ਨਰਿੰਦਰ ਪਾਲ ਵਰਮਾ ਮਾਣਕੀ ਅਤੇ ਅਮਨਦੀਪ ਸਿੰਘ ਬੋਪਾਰਾਏ ਸ਼ਾਮਿਲ ਰਹੇ।
ਕੀ ਸੇਧ ਲੈ ਕੇ ਆਏ ਸਿੰਗਾਪੁਰ ਟ੍ਰੇਨਿੰਗ ਲਈ ਗਏ ਪੰਜਾਬ ਦੇ ਸਕੂਲ ਪ੍ਰਿੰਸੀਪਲਜ਼ ਇੰਝ ਹੁੰਦੀ ਹੈ ਸਿੰਗਾਪੁਰ ਜਾਣ ਵਾਲੇ ਪ੍ਰਿੰਸੀਪਲਾਂ ਦੀ ਚੋਣ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜਗਰਾਓਂ ਪੁਲ ਦੀ ਪ੍ਰਿੰਸੀਪਲ ਬਲਬੀਰ ਕੌਰ ਨੇ ਈਟੀਵੀ ਭਾਰਤ ਦੀ ਟੀਮ ਨਾਲ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਸਾਡੀ ਚੋਣ ਬਹੁਤ ਹੀ ਨਿਰਪੱਖ ਢੰਗ ਨਾਲ ਹੋਈ ਹੈ। ਪਹਿਲਾਂ ਗੂਗਲ ਸ਼ੀਟ ਭਰਵਾਈ ਗਈ ਜਿਸ ਵਿੱਚ ਤਜ਼ਰਬੇ ਅਤੇ ਉਮਰ ਨੂੰ ਵੇਖਦੇ ਹੋਏ ਸੂਚੀ ਬਣਾਈ ਗਈ ਸੀ। ਇਸ ਤੋਂ ਬਾਅਦ ਇਕ ਦਿਨ ਪਹਿਲਾਂ ਹੀ ਉਹ ਚੰਡੀਗੜ੍ਹ ਪੁੱਜੇ, ਜਿੱਥੇ ਸਿੱਖਿਆ ਮੰਤਰੀ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ, ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਉਨ੍ਹਾਂ ਦੀ ਮੁਲਾਕਾਤ ਹੋਈ। ਇਸ ਤੋਂ ਬਾਅਦ ਉਹ ਸੂਬਾ ਸਰਕਾਰ ਦੇ ਖ਼ਰਚੇ ਉੱਤੇ 4 ਦਿਨ ਤੱਕ ਸਿੰਗਾਪੁਰ ਵਿੱਚ ਰਹੇ। ਫਿਰ 3 ਦਿਨ ਉਨ੍ਹਾਂ ਨੂੰ 67 ਸਾਲ ਦੀ ਗਾਈਡ ਵੱਲੋਂ ਸਰਕਾਰੀ ਸਕੂਲਾਂ ਵਿੱਚ 9 ਵਜੇ ਤੋਂ ਲੈਕੇ ਸ਼ਾਮ 5 ਵਜੇ ਤੱਕ ਸਕੂਲਾਂ ਵਿੱਚ ਸਿੱਖਿਆ ਦੇ ਤੌਰ ਤਰੀਕੇ ਸਿੱਖੇ, ਬੱਚਿਆਂ ਨੂੰ ਪ੍ਰੈਕਟੀਕਲ ਜਾਣਕਾਰੀ ਵੱਧ ਦੇਣ ਸਬੰਧੀ, ਕਿਸ ਤਰ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ, ਕਮਜ਼ੋਰ ਬੱਚੇ ਨੂੰ ਕਿਵੇਂ ਅਤੇ ਅਵੱਲ ਆਉਣ ਵਾਲੇ ਵਿਦਿਆਰਥੀ ਨੂੰ ਕਿਵੇਂ ਪੜ੍ਹਾਈ ਕਰਵਾਈ ਜਾਂਦੀ ਹੈ, ਇਸ ਦਾ ਤਜ਼ਰਬਾ ਉਨ੍ਹਾਂ ਨੇ ਹਾਸਿਲ ਕੀਤਾ ਹੈ।
ਸਿੰਗਾਪੁਰ ਦੇ ਸਰਕਾਰੀ ਸਕੂਲਾਂ 'ਚ ਪੜ੍ਹਾਈ: ਸਿੰਗਾਪੁਰ ਵਿੱਚ ਕੁੱਲ 360 ਦੇ ਕਰੀਬ ਸਰਕਾਰੀ ਸਕੂਲ ਹਨ, ਜਦਕਿ ਨਿੱਜੀ ਸਕੂਲਾਂ ਦੀ ਗਿਣਤੀ ਬਹੁਤ ਘੱਟ ਹੈ। ਉੱਥੇ ਜਿਆਦਾਤਰ ਬੱਚੇ ਸਰਕਾਰੀ ਸਕੂਲਾਂ ਵਿੱਚ ਹੀ ਪੜਦੇ ਹਨ। ਇਸ ਤੋਂ ਇਲਾਵਾ ਉੱਥੇ 6 ਸਾਲ ਦੇ ਬੱਚੇ ਦਾ ਪ੍ਰਾਇਮਰੀ ਸਕੂਲ ਵਿੱਚ ਦਾਖਲਾ ਹੁੰਦਾ ਹੈ ਅਤੇ 6 ਸਾਲ ਤੱਕ ਉਹ ਬੱਚਾ, ਜਦੋਂ ਤੱਕ 12 ਸਾਲ ਦਾ ਹੁੰਦਾ ਹੈ, ਫਿਰ ਉਹ ਉਹ ਸੈਕੰਡਰੀ ਵਿੱਚ ਜਾਂਦਾ ਹੈ। ਉਨ੍ਹਾ ਦੱਸਿਆ ਕਿ 10 ਵੀ ਜਮਾਤ ਤੋਂ ਬਾਅਦ ਉਥੋਂ ਦੇ ਲੜਕਿਆਂ ਨੂੰ ਹਾਈ ਸਕੂਲ ਵਿੱਚ ਜਾਣ ਤੋਂ ਪਹਿਲਾਂ ਫੌਜ ਵਿੱਚ 2 ਸਾਲ ਲਾਉਣੇ ਪੈਂਦੇ ਹਨ ਜਿਸ ਦੌਰਾਨ ਉਨ੍ਹਾ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕੀਤੀ ਜਾਂਦੀ ਹੈ। ਆਪਣੇ ਦੇਸ਼ ਲਈ ਇਮਾਨਦਾਰ ਹੋਣ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਵਾਰ-ਵਾਰ ਨਹੀਂ ਹੁੰਦੀ ਪ੍ਰੀਖਿਆ: ਬਲਬੀਰ ਕੌਰ ਨੇ ਦੱਸਿਆ ਕਿ ਉੱਥੇ ਦੇ ਸਕੂਲਾਂ ਦਾ ਪ੍ਰਬੰਧ ਸਾਡੇ ਸਕੂਲਾਂ ਵਾਂਗ ਹੀ ਚੱਲਦਾ ਹੈ। ਵਿਦਿਆਰਥੀਆਂ ਨੂੰ ਜਿਸ ਵੀ ਵਿਸ਼ੇ ਵਿੱਚ ਉਨ੍ਹਾਂ ਨੂੰ ਰੁਚੀ ਹੈ ਉਸ ਵਿੱਚ ਹੀ ਅੱਗੇ ਵਧਦੇ ਹਨ। ਸਿੰਗਾਪੁਰ ਵਿੱਚ ਪ੍ਰਾਇਮਰੀ ਕਲਾਸ ਦੇ 6 ਸਾਲ ਬਾਅਦ ਹੀ ਇਕ ਵਾਰ ਪ੍ਰੀਖਿਆ ਹੁੰਦੀ ਹੈ। ਪ੍ਰਿੰਸੀਪਲ ਬਲਬੀਰ ਕੌਰ ਮੁਤਾਬਿਕ ਉੱਥੇ ਵਾਰ-ਵਾਰ ਪ੍ਰੀਖਿਆ ਨਹੀਂ ਕਰਵਾਈ ਜਾਂਦੀ। 6 ਸਾਲ ਬਾਅਦ ਹੋਣ ਵਾਲੀ ਪ੍ਰੀਖਿਆ ਦੇ ਅਧਾਰ ਉੱਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਦਿਲਚਸਪੀ ਵਾਲੇ ਵਿਸ਼ੇ ਜਿਨ੍ਹਾਂ ਵਿੱਚ ਉਨ੍ਹਾਂ ਨੇ ਚੰਗੇ ਨੰਬਰ ਹਾਸਲ ਕੀਤੇ ਹਨ, ਉਸ ਵਿੱਚ ਹੀ ਉਹ ਵਿਦਿਆਰਥੀ ਅੱਗੇ ਵਧਦੇ ਹਨ।
ਸਿੰਗਾਪੁਰ ਟ੍ਰੇਨਿੰਗ ਲਈ ਗਈ ਪ੍ਰਿੰਸੀਪਲ ਦੀ ਰਾਏ ਕੀ ਹੈ ਸਿੰਗਾਪੁਰ ਦਾ ਸਿੱਖਿਆ ਮਾਡਲ ਸਿੰਗਾਪੁਰ ਦੇ ਸਕੂਲਾਂ ਦਾ ਮੁੱਖ ਟੀਚਾ : ਸਿੰਗਾਪੁਰ ਵਿੱਚ 30 ਫ਼ੀਸਦੀ ਬੱਚੇ ਜੋ ਕਿ ਪ੍ਰੀਖਿਆ ਵਿੱਚ ਸਭ ਤੋਂ ਅੱਵਲ ਆਉਂਦੇ ਹਨ, ਉਹ ਹੀ ਅੱਗੇ ਯੂਨੀਵਰਸਿਟੀ ਵਿੱਚ ਦਾਖਲਾ ਲੈਂਦੇ ਹਨ। ਬਾਕੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨੰਬਰਾਂ ਦੇ ਮੁਤਾਬਕ ਉਨ੍ਹਾਂ ਦੇ ਦਿਲਚਸਪੀ ਦੇ ਮੁਤਾਬਕ ਤਕਨੀਕੀ ਕੋਰਸ ਕਰਵਾਏ ਜਾਂਦੇ ਹਨ। ਪ੍ਰਿੰਸੀਪਲ ਬਲਬੀਰ ਕੌਰ ਨੇ ਦੱਸਿਆ ਕਿ ਬੱਚਿਆਂ ਵਿੱਚ ਉਹ ਪਹਿਲਾਂ ਹੀ ਉਨ੍ਹਾਂ ਦੀ ਜ਼ਿੰਦਗੀ ਦਾ ਟੀਚਾ ਮਿੱਥ ਦਿੰਦੇ ਹਨ ਜਿਸ ਨੂੰ ਪੂਰਾ ਕਰਨ ਲਈ ਉਹ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਹਨ। ਸਿੱਖਿਆ ਹਾਸਿਲ ਕਰਨਾ ਹੀ, ਉਨ੍ਹਾਂ ਦੇ ਵਿਦਿਆਰਥੀਆਂ ਦਾ ਟੀਚਾ ਨਹੀਂ ਹੈ, ਸਗੋਂ ਇੱਕ ਚੰਗੇ ਸਮਾਜ ਦੀ ਇੱਕ ਚੰਗੇ ਦੇਸ਼ ਦੀ ਸਿਰਜਣ ਵਿੱਚ ਅਹਿਮ ਯੋਗਦਾਨ ਪਾਉਣਾ ਉੱਥੋਂ ਦੇ ਸਕੂਲਾਂ ਦਾ ਮੁੱਖ ਟੀਚਾ ਹੈ।
ਪੰਜਾਬ ਦੇ ਸਕੂਲ ਪ੍ਰਿੰਸੀਪਲਾਂ ਨੇ ਕੀ ਸਿੱਖਿਆ: ਸਰਕਾਰੀ ਸਕੂਲ ਦੀ ਪ੍ਰਿੰਸੀਪਲ ਬਲਬੀਰ ਕੌਰ ਦੇ ਮੁਤਾਬਕ ਉੱਥੇ ਜਾ ਕੇ ਉਨ੍ਹਾਂ ਨੂੰ ਇੱਕ ਵੱਖਰਾ ਹੀ ਤਜ਼ਰਬਾ ਮਹਿਸੂਸ ਹੋਇਆ ਹੈ, ਉਹ ਲੋਕ ਸਮੇਂ ਦੇ ਬਹੁਤ ਪਾਬੰਦ ਹਨ। ਉਨ੍ਹਾਂ ਕਿਹਾ ਕਿ ਅਸੀਂ ਸਕੂਲ ਵਿੱਚ ਇਸ ਦੀ ਸ਼ੁਰੂਆਤ ਸਿੰਗਾਪੁਰ ਤੋਂ ਸਿੱਖ ਕੇ ਕਰਨ ਜਾ ਰਹੇ ਹਾਂ ਜਿਸ ਦੇ ਤਹਿਤ ਸਕੂਲ ਵਲੋਂ ਇਕ ਟੀਚਾ ਮਿੱਥਿਆ ਜਾਵੇਗਾ ਅਤੇ ਜਦੋਂ ਤੱਕ ਉਹ ਪੂਰਾ ਨਹੀਂ ਹੋ ਜਾਂਦਾ ਸਾਰਾ ਸਕੂਲ ਸਟਾਫ, ਵਿਦਿਆਰਥੀ ਅਤੇ ਖ਼ੁਦ ਪ੍ਰਿੰਸੀਪਲ ਉਸ ਲਈ ਜੀ ਜਾਣ ਲਗਾ ਦੇਣਗੇ। ਉੱਥੋਂ ਦਾ ਸਿੱਖਿਆ ਮਾਡਲ ਕਾਫੀ ਚੰਗਾ ਹੈ। ਹਰ ਬੱਚੇ ਦੇ ਕੋਲ ਲੈਪਟਾਪ ਹੈ ਜਿਸ ਬੱਚੇ ਕੋਲ ਆਰਥਿਕ ਤੰਗੀ ਕਾਰਨ ਲੈਪਟਾਪ ਲੈਣ ਦੀ ਸਮਰੱਥਾ ਨਹੀਂ ਹੈ, ਉਸ ਨੂੰ ਉੱਥੋਂ ਦੀ ਸਰਕਾਰ ਵੱਲੋਂ ਲੈਪਟਾਪ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਰਕਾਰ ਜੋ ਲੱਖਾਂ ਰੁਪਏ ਖ਼ਰਚੇ ਉੱਤੇ ਉਨ੍ਹਾਂ ਨੂੰ ਤਜ਼ਰਬਾ ਹਾਸਲ ਕਰਨ ਲਈ ਸਿੰਗਾਪੁਰ ਭੇਜ ਰਹੇ ਹੈ ਇਸ ਦਾ ਫਾਇਦਾ ਜ਼ਰੂਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਸਕੂਲਾਂ ਅੰਦਰ ਵੇਖਣ ਨੂੰ ਮਿਲੇਗਾ।