ਲੁਧਿਆਣਾ: ਅਕਸਰ ਹੀ ਗਰੀਬ ਪਰਿਵਾਰ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਨ, ਪਰ ਕਈ ਵਾਰ ਕੁਦਰਤ ਦੀ ਮਾਰ ਇਹਨਾਂ ਗਰੀਬ ਪਰਿਵਾਰਾਂ ਨੂੰ ਢਾਹ ਵੀ ਲਾ ਦਿੰਦੀ ਹੈ। ਅਜਿਹਾ ਮਾਮਲਾ ਖੰਨਾ ਦੇ ਨੇੜਲੇ ਪਿੰਡ ਅਲੂਣਾ ਪੱਲਾ ਤੋਂ ਆਇਆ, ਜਿੱਥੇ ਇੱਕ ਗਰੀਬ ਪਰਿਵਾਰ ਦੇ ਘਰ ਲੜਕੀ ਦੇ ਵਿਆਹ ਲਈ ਇਕੱਠੇ ਕੀਤੇ ਦਾਜ ਦੇ ਸਮਾਨ ਨੂੰ ਅੱਗ ਲੱਗ ਗਈ, ਜਿਸ ਨਾਲ ਦਾਜ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਦਮਕਲ ਵਿਭਾਗ ਅੱਗ ਲੱਗਣ ਦੀ ਜਾਣਕਾਰੀ ਮਿਲਣ 'ਤੇ ਤੁਰੰਤ ਪਹੁੰਚਿਆ:ਇਸ ਦੌਰਾਨ ਹੀ ਦਮਕਲ ਵਿਭਾਗ ਦੇ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸ਼ੁੱਕਰਵਾਰ ਨੂੰ ਸਵੇਰੇ ਉਨ੍ਹਾਂ ਨੂੰ ਫਾਇਰ ਸਟੇਸ਼ਨ ’ਤੇ ਫੋਨ ਆਇਆ ਸੀ ਕਿ ਅਲੂਣਾ ਪੱਲਾ ’ਚ ਇਕ ਘਰ ਨੂੰ ਅੱਗ ਲੱਗੀ ਹੈ ਅਤੇ ਉਹ ਤੁਰੰਤ ਖੰਨਾ ਤੋਂ ਮੌਕੇ ’ਤੇ ਪੁੱਜੇ। ਉਸ ਨੇ ਕਿਹਾ ਕਿ ਜਿਸ ਘਰ ਨੂੰ ਅੱਗ ਲਈ ਸੀ, ਉਸ ਦੇ ਹਾਲਾਤ ਬਹੁਤ ਭਿਆਨਕ ਸਨ ਤੇ ਪੂਰੇ ਘਰ ਨੂੰ ਅੱਗ ਲੱਗੀ ਹੋਈ ਸੀ, ਜਿਸ ਉੱਤੇ ਕਾਬੂ ਪਾਇਆ ਗਿਆ। ਜਿਸ ਤੋਂ ਇਲਾਵਾ ਅੱਗ ਨੂੰ ਨੇੜਲੇ ਘਰਾਂ ਤੱਕ ਫੈਲਣ ਤੋਂ ਰੋਕਿਆ ਗਿਆ। ਉਸ ਨੇ ਕਿਹਾ ਕਿ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।