ਲੁਧਿਆਣਾ:ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਹੈ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਗਰਮੀ ਨੇ ਲੋਕਾਂ ਦੇ ਸਾਹ ਸੂਤੇ ਪਏ ਹਨ, ਪਰ ਦਿਨ ਵੇਲੇ 45 ਡਿਗਰੀ ਦੇ ਨੇੜੇ ਚਲਾ ਜਾਂਦਾ ਹੈ, ਖਾਸ ਕਰਕੇ ਚੱਲਣ ਵਾਲੀਆਂ ਗਰਮ ਹਵਾਵਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ।
ਗਰਮੀ ਨੂੰ ਵੇਖਦਿਆਂ ਮੌਸਮ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਅੱਜ ਤੇ ਕੱਲ੍ਹ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ, ਲੋਕਾਂ ਨੂੰ ਦੁਪਹਿਰ ਵੇਲੇ ਘਰੋਂ ਘੱਟ ਹੀ ਨਿਕਲਣ ਦੀ ਅਪੀਲ ਕੀਤੀ ਗਈ ਹੈ। ਮੌਸਮ ਦੀ ਮਾਰ ਕਰਕੇ ਗਰਮੀ ਤੋਂ ਲੋਕ ਬੇਹਾਲ ਨੇ ਗਰਮੀ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਅਤੇ ਉੱਥੇ ਹੀ ਪ੍ਰੀ ਮੌਨਸੂਨ ਬਾਰਿਸ਼ਾਂ ਦੀ ਵੀ ਪੰਜਾਬ ਦੇ ਅੰਦਰ ਆਉਂਦੇ ਦਿਨਾਂ ਵਿੱਚ ਕੋਈ ਸੰਭਾਵਨਾ ਨਹੀਂ ਹੈ।
ਗਰਮੀ ਨੇ ਤੋੜੇ ਰਿਕਾਰਡ:-ਪੰਜਾਬ ਦੇ ਵਿੱਚ ਗਰਮੀ ਨੇ ਰਿਕਾਰਡ ਤੋੜ ਦਿੱਤੇ ਹਨ, ਜੇਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਆਬਜ਼ਰਵੇਟਰੀ ਵੱਲੋਂ ਅੱਜ ਘੱਟੋ ਘੱਟ ਟੈਂਪਰੇਚਰ 30.4 ਡਿਗਰੀ ਰਿਕਾਰਡ ਕੀਤਾ ਗਿਆ ਹੈ, ਜੋ ਕਿ ਆਪਣੇ ਆਪ ਵਿੱਚ ਰਿਕਾਰਡ ਹੈ। ਇਸ ਤੋਂ ਪਹਿਲਾਂ 1970 ਤੋਂ ਲੈ ਕੇ ਸਿਰਫ਼ ਇੱਕ ਵਾਰ ਹੀ 2018 ਦੇ ਵਿੱਚ ਜੂਨ ਮਹੀਨੇ ਅੰਦਰ ਪਾਰਾ ਘੱਟੋ ਘੱਟ ਇਸ ਥਾਂ 'ਤੇ ਪਹੁੰਚਿਆ ਸੀ ਤੇ ਹੁਣ ਗਰਮੀ ਨੇ ਲੋਕਾਂ ਦੇ ਵੱਟ ਕੱਢੇ ਪਏ ਹਨ, ਗਰਮ ਹਵਾਵਾਂ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ, ਸਿਰਫ਼ ਦੁਪਹਿਰ ਵੇਲੇ ਹੀ ਨਹੀਂ ਰਾਤ ਨੂੰ ਵੀ ਗਰਮੀ ਦਾ ਪ੍ਰਭਾਵ ਜਾਰੀ ਹੈ।
ਪੰਜਾਬ ਵਿੱਚ ਯੈਲੋ ਅਲਰਟ:- ਪੰਜਾਬ ਵਿੱਚ ਵੱਧ ਰਹੀ ਗਰਮੀ ਦੇ ਕਾਰਨ ਪੰਜਾਬ ਭਰ ਦੇ ਵਿੱਚ ਅੱਜ ਤੇ ਅਕਾਲੀ ਅਲਰਟ ਵੀ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ ਪਵਨੀਤ ਕੌਰ ਨੇ ਕਿਹਾ ਹੈ ਕਿ ਦੁਪਹਿਰ ਵੇਲੇ ਲੋਕ ਲੋੜ ਪੈਣ' ਤੇ ਹੀ ਘਰੋਂ ਨਿਕਲਣ ਕਿਉਂਕਿ ਦੁਪਹਿਰ ਵੇਲੇ ਗਰਮ ਹਵਾਵਾਂ ਦਾ ਪ੍ਰਭਾਵ ਵੱਧ ਹੁੰਦਾ ਹੈ, ਜਿਸ ਕਰਕੇ ਗਰਮੀ ਦਾ ਸਿਹਤ ਤੇ ਮਾੜਾ ਅਸਰ ਪੈਣ ਦੀ ਸੰਭਾਵਨਾਵਾਂ ਰਹਿੰਦੀਆਂ ਹਨ। ਉਹਨਾਂ ਕਿਹਾ ਕਿ ਲੋਕ ਵਿਸ਼ੇਸ਼ ਤੌਰ 'ਤੇ ਜਦੋਂ ਵੀ ਘਰੋਂ ਨਿਕਲਣ ਤਾਂ ਸਿਰ ਢੱਕ ਕੇ ਹੀ ਨਿਕਲਣ, ਕਿਉਂਕਿ ਸਿਰ ਤੋਂ ਗਰਮੀ ਜ਼ਿਆਦਾ ਪੈਂਦੀ ਹੈ। ਇਸ ਤੋਂ ਇਲਾਵਾ ਤਰਲ ਪਦਾਰਥਾਂ ਦੀ ਵਰਤੋਂ ਜ਼ਰੂਰ ਕਰਦੇ ਰਹਿਣ ਅਤੇ ਆਪਣੇ ਸਰੀਰ ਨੂੰ ਗਰਮੀ ਲੱਗਣ ਤੋਂ ਜ਼ਰੂਰ ਬਚਾਉਣ।