ਲੁਧਿਆਣਾ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਕਸਬਾ ਡੇਹਲੋਂ ਵਿਖੇ ਸੀਐਚਸੀ 'ਚ ਦਾਖ਼ਲ ਸਿਹਤ ਕਰਮੀ ਮਸਤਾਨ ਸਿੰਘ ਦਾ ਹਾਲ ਜਾਣਿਆ ਅਤੇ ਗੱਲਬਾਤ ਕੀਤੀ ਗਈ। ਸਿਹਤ ਕਰਮੀ ਮਸਤਾਨ ਸਿੰਘ ਦੀ ਬੀਤੇ ਦਿਨ ਇੱਕ ਡੇਰੇ ਦੇ ਚੇਅਰਮੈਨ ਨੇ ਉਦੋਂ ਭਾਰੀ ਕੁੱਟਮਾਰ ਕੀਤੀ ਸੀ, ਜਦੋਂ ਉਹ ਡੇਰੇ ਵਿੱਚ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਜਾਗਰੂਕ ਕਰਨ ਗਿਆ ਸੀ।
ਗੱਲਬਾਤ ਦੌਰਾਨ ਸਿਹਤ ਮੰਤਰੀ ਨੇ ਕਿਹਾ ਕਿ ਸਿਹਤ ਵਰਕਰ ਮਸਤਾਨ ਸਿੰਘ ਦੀ ਕੁੱਟਮਾਰ ਦਾ ਸਖ਼ਤ ਨੋਟਿਸ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ, ਜਿਸ 'ਤੇ 3 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਦੀ ਛੇਤੀ ਗ੍ਰਿਫ਼ਤਾਰੀ ਲਈ ਪੁਲਿਸ ਨੂੰ ਨਿਰਦੇਸ਼ ਦਿੱਤੇ ਗਏ ਹਨ।
ਸਿਹਤ ਮੰਤਰੀ ਸਿੱਧੂ ਨੇ ਕੁੱਟਮਾਰ ਦਾ ਸ਼ਿਕਾਰ ਸਿਹਤ ਮੁਲਾਜ਼ਮ ਦੀ ਲਈ ਸਾਰ ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਜੋ ਸਿਹਤ ਵਰਕਰ ਦਿਨ-ਰਾਤ ਲੋਕਾਂ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਨਾਲ ਇਸ ਤਰ੍ਹਾਂ ਕੁੱਟਮਾਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਿਵਲ ਸਰਜਨ ਵੱਲੋਂ ਤੁਰੰਤ ਲੁਧਿਆਣਾ ਦੇ ਡੀਸੀ ਨੂੰ ਕਾਰਵਾਈ ਲਈ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਕਿਹਾ ਕਿ ਮਸਤਾਨ ਸਿੰਘ ਵਰਗੇ ਵਰਕਰ ਜੋ ਅੱਗੇ ਹੋ ਕੇ ਕੰਮ ਕਰਦੇ ਹਨ, ਨੂੰ ਉਹ ਜ਼ਰੂਰਤ ਸਨਮਾਨਤ ਕਰਨਗੇ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਸਿਹਤ ਕਰਮੀ ਨੂੰ 26 ਜਨਵਰੀ 'ਤੇ ਐਵਾਰਡ ਨਾਲ ਸਨਮਾਨਤ ਕਰਨ ਦੇ ਨਾਲ ਤਰੱਕੀ ਵੀ ਦਿੱਤੀ ਜਾਵੇਗੀ।
ਲੁਧਿਆਣਾ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਬਾਰੇ ਸਿਹਤ ਮੰਤਰੀ ਨੇ ਕਿਹਾ ਕਿ ਲੁਧਿਆਣਾ ਵੱਡੇ ਸ਼ਹਿਰਾਂ ਵਿੱਚੋਂ ਹੈ, ਜਿਥੇ ਵੱਡੀ ਪੱਧਰ 'ਤੇ ਲੋਕਾਂ ਦਾ ਆਉਣਾ-ਜਾਣਾ ਰਹਿੰਦਾ ਹੈ ਅਤੇ ਆਬਾਦੀ ਵੀ ਬਹੁਤ ਜ਼ਿਆਦਾ ਹੈ। ਇਸ ਲਈ ਕੋਰੋਨਾ ਦੇ ਕੇਸ ਵਧਣੇ ਸੁਭਾਵਿਕ ਹਨ, ਮਰੀਜ਼ ਵਧਣੇ ਕੋਈ ਮਾੜੀ ਗੱਲ ਨਹੀਂ, ਪਰ ਜੇ ਮਰੀਜ਼ ਟਰੇਸ ਨਾ ਹੋਣ ਤਾਂ ਇਹ ਫੈਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੌਤ ਦਰ ਦਾ ਵਾਧਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਦੇ ਵਧੇਰੇ ਲੋਕ ਵੱਖ-ਵੱਖ ਬਲੱਡ ਪ੍ਰੈਸ਼ਰ, ਸ਼ੂਗਰ ਵਰਗੀਆਂ ਬੀਮਾਰੀਆਂ ਤੋਂ ਪੀੜਤ ਹਨ, ਜਿਸ ਦਾ ਕੋਵਿਡ-19 ਦੌਰਾਨ ਖ਼ਤਰਾ ਵਧ ਜਾਂਦਾ ਹੈ। ਰਿਕਵਰੀ ਰੇਟ ਘੱਟ ਬਾਰੇ ਉਨ੍ਹਾਂ ਕਿਹਾ ਕਿ ਇਹ ਘੱਟ ਨਹੀਂ ਹੋ ਰਿਹਾ, ਸਗੋਂ ਸਾਡੀ ਸੈਂਪਲਿੰਗ ਦੀ ਟੈਸਟਿੰਗ ਵੱਧ ਗਈ ਹੈ।
ਮੁੜ ਤਾਲਾਬੰਦੀ ਬਾਰੇ ਸਿਹਤ ਮੰਤਰੀ ਨੇ ਕਿਹਾ ਕਿ ਇਸ ਦੀ ਕੋਈ ਜ਼ਰੂਰਤ ਨਹੀਂ ਹੈ, ਬਲਕਿ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।