ਲੁਧਿਆਣਾ: ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਸਰਕਾਰੀ ਹਸਪਤਾਲਾਂ ਦੀ ਕਾਰਜ ਸ਼ੈਲੀ ਨੂੰ ਹੋਰ ਚੰਗੀ ਬਣਾਉਣ ਲਈ ਉਪਰਾਲੇ ਕਰ ਰਹੀ ਹੈ। ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਕਿਤੇ ਨਾ ਕਿਤੇ ਅਚਾਨਕ ਚੈਕਿੰਗ ਕਰਕੇ ਹਸਪਤਾਲਾਂ ਅੰਦਰ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ। ਇਸੇ ਕੜੀ ਤਹਿਤ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਛੁੱਟੀ ਵਾਲੇ ਦਿਨ ਐਤਵਾਰ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ। ਸਿਹਤ ਮੰਤਰੀ ਨੇ ਟਰਾਮਾ ਸੈਂਟਰ, ਐਮਰਜੈਂਸੀ ਅਤੇ ਜਨਰਲ ਵਾਰਡਾਂ 'ਚ ਜਾ ਕੇ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਹਸਪਤਾਲ ਦੀ ਕਾਰਜਸ਼ੈਲੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਡਾਕਟਰਾਂ ਨੂੰ ਕੋਈ ਛੁੱਟੀ ਨਹੀਂ ਹੁੰਦੀ: ਸਿਹਤ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿਚ ਗੈਸ ਕਾਂਡ ਦੌਰਾਨ ਕਈ ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਜਖ਼ਮੀ ਹੋ ਗਏ। ਉਹ ਇਸ ਕਾਂਡ ਦੌਰਾਨ ਜਖ਼ਮੀ ਹੋਏ ਲੋਕਾਂ ਦਾ ਹਾਲ ਜਾਣਨ ਲੁਧਿਆਣਾ ਗਏ ਸੀ ਤਾਂ ਵਾਪਸੀ ਮੌਕੇ ਖੰਨਾ ਸਰਕਾਰੀ ਹਸਪਤਾਲ ਦੀ ਚੈਕਿੰਗ ਕੀਤੀ ਗਈ। ਸਿਹਤ ਮੰਤਰੀ ਨੇ ਕਿਹਾ ਕਿ ਡਾਕਟਰਾਂ ਨੂੰ ਕੋਈ ਛੁੱਟੀ ਨਹੀਂ ਹੁੰਦੀ। ਉਹ ਖੁਦ ਵੀ ਡਾਕਟਰ ਹਨ। ਇਸ ਕਰਕੇ ਉਹਨਾਂ ਨੂੰ ਵੀ ਕੋਈ ਛੁੱਟੀ ਨਹੀਂ ਹੈ ਅਤੇ ਅੱਜ ਸਰਕਾਰੀ ਹਸਪਤਾਲ ਖੰਨਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ।