ਖੰਨਾ ਵਿੱਚ ਸਿਹਤ ਵਿਭਾਗ ਨੇ ਗ਼ੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ਵਿੱਚੋਂ ਛੁਡਵਾਏ 25 ਨੌਜਵਾਨ ਖੰਨਾ:ਪਾਇਲ 'ਚ ਗੈਰ-ਕਾਨੂੰਨੀ ਤੌਰ 'ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਚ ਨੌਜਵਾਨ ਦਾ ਕੁੱਟ ਕੁੱਟ ਕੇ ਕਤਲ ਕਰਨ ਅਤੇ ਲਾਸ਼ ਨੂੰ ਨਹਿਰ 'ਚ ਸੁੱਟਣ ਦੀ ਘਟਨਾ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆਇਆ ਹੈ। ਜ਼ਿਲ੍ਹੇ ਭਰ ਵਿੱਚ ਬਿਨਾਂ ਪ੍ਰਵਾਨਗੀ ਤੋਂ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ’ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਖੰਨਾ ਦੇ ਪਿੰਡ ਬਾਹੋਮਾਜਰਾ ਵਿਖੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਤੇ ਛਾਪਾ ਮਾਰ ਕੇ 25 ਤੋਂ ਵੱਧ ਨੌਜਵਾਨਾਂ ਨੂੰ ਰਿਹਾਅ ਕਰਾਇਆ ਗਿਆ। ਇਨ੍ਹਾਂ ਸਾਰੇ ਨੌਜਵਾਨਾਂ ਦਾ ਖੰਨਾ ਦੇ ਸਿਵਲ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ। ਇਸ ਤੋਂ ਬਾਅਦ ਪੁਲਿਸ ਇਨ੍ਹਾਂ ਨੂੰ ਵਾਰਸਾਂ ਦੇ ਹਵਾਲੇ ਕਰੇਗੀ। ਭਵਿੱਖ ਵਿੱਚ ਸੈਂਟਰ ਖੋਲ੍ਹਣ ਦੀ ਸੂਰਤ ਵਿੱਚ ਐਫਆਈਆਰ ਦਰਜ ਕਰਨ ਦੀ ਚਿਤਾਵਨੀ ਦਿੱਤੀ ਗਈ।
ਦੱਸ ਦਈਏ ਕਿ ਇਹ ਸੈਂਟਰ ਸਿਮਰਜੀਤ ਬੈਂਸ ਦੇ ਕਰੀਬੀ ਅਤੇ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਸੀਆਰ ਕੰਗ ਵੱਲੋਂ ਚਲਾਇਆ ਜਾ ਰਿਹਾ ਸੀ। ਦੋ ਦਿਨ ਪਹਿਲਾਂ ਹੀ ਸੀਆਰ ਕੰਗ ਖਿਲਾਫ ਸਾਹਨੇਵਾਲ ਥਾਣਾ ਵਿਖੇ ਜਬਰੀ ਵਸੂਲੀ ਅਤੇ ਇਰਾਦਾ ਕਤਲ ਦਾ ਕੇਸ ਦਰਜ ਹੋਇਆ ਜਿਸ ਚ ਉਹ ਫਰਾਰ ਚੱਲ ਰਿਹਾ ਹੈ।
ਛਾਪਾ ਮਾਰ ਕੇ 25 ਨੌਜਵਾਨਾਂ ਨੂੰ ਸੈਂਟਰ ਚੋਂ ਛੁਡਵਾਇਆ :ਜ਼ਿਲ੍ਹਾ ਮਨੋਵਿਗਿਆਨੀ ਡਾ. ਅਰਪਿਤ ਗੋਇਲ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਬਾਹੋਮਾਜਰਾ ਸਥਿਤ ਮੁੜ ਵਸੇਬਾ ਕੇਂਦਰ ਵਿੱਚ ਛਾਪੇਮਾਰੀ ਕਰਨ ਪਹੁੰਚੀ। ਇਸ ਮੌਕੇ ਉਨ੍ਹਾਂ ਨਾਲ ਮਾਨੂੰਪੁਰ ਸੀਐਚਸੀ ਦੇ ਐਸਐਮਓ ਡਾ. ਰਵੀ ਦੱਤ ਅਤੇ ਸਦਰ ਥਾਣੇ ਦੀ ਪੁਲਿਸ ਵੀ ਮੌਜੂਦ ਸੀ। ਮੁੜ ਵਸੇਬਾ ਕੇਂਦਰ ਚਲਾਉਣ ਦੀ ਮਨਜ਼ੂਰੀ ਨਹੀਂ ਸੀ। ਕੇਂਦਰ ਵਿੱਚ 25 ਤੋਂ ਵੱਧ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ ਰੱਖਿਆ ਗਿਆ ਸੀ। ਟੀਮ ਨੇ ਤੁਰੰਤ ਐਂਬੂਲੈਂਸ ਬੁਲਾ ਕੇ ਇਨ੍ਹਾਂ ਨੌਜਵਾਨਾਂ ਨੂੰ ਛੁਡਵਾਇਆ। ਇਨ੍ਹਾਂ ਸਾਰਿਆਂ ਨੂੰ ਸਿਵਲ ਹਸਪਤਾਲ ਖੰਨਾ ਮੈਡੀਕਲ ਲਈ ਲਿਜਾਇਆ ਗਿਆ। ਸਿਵਲ ਹਸਪਤਾਲ ਪੁੱਜੀ ਇੱਕ ਔਰਤ ਨੇ ਰੋਂਦੇ ਹੋਏ ਆਪਣਾ ਦਰਦ ਬਿਆਨ ਕੀਤਾ।
ਉਨ੍ਹਾਂ ਦੱਸਿਆ ਕਿ ਬੇਟੇ ਨੂੰ ਗਹਿਣੇ ਵੇਚਣ ਤੋਂ ਬਾਅਦ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾਇਆ ਗਿਆ ਸੀ। ਕੁਝ ਦਿਨ ਪਹਿਲਾਂ ਹੀ 15,000 ਰੁਪਏ ਜਮ੍ਹਾ ਕਰਵਾਏ ਸਨ। ਹੁਣ ਕੇਂਦਰ ਬੰਦ ਹੋ ਗਿਆ। ਡਾ. ਅਰਪਿਤ ਗੋਇਲ ਨੇ ਦੱਸਿਆ ਕਿ ਡੀਸੀ ਲੁਧਿਆਣਾ ਦੀਆਂ ਹਦਾਇਤਾਂ 'ਤੇ ਸਿਵਲ ਸਰਜਨ ਵੱਲੋਂ ਇੱਕ ਕਮੇਟੀ ਬਣਾਈ ਗਈ, ਜਿਸ ਨੂੰ ਨਸ਼ਾ ਛੁਡਾਊ ਕੇਂਦਰਾਂ ਦੀ ਚੈਕਿੰਗ ਕਰ ਕੇ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਅੱਜ ਬਾਹੋਮਾਜਰਾ ਵਿਖੇ ਚੈਕਿੰਗ ਕੀਤੀ ਗਈ। ਇੱਥੇ 25 ਤੋਂ ਵੱਧ ਨੌਜਵਾਨਾਂ ਨੂੰ ਰਿਹਾਅ ਕਰਾਇਆ ਗਿਆ। ਕੇਂਦਰ ਤੋਂ ਮਿਲੇ ਦਸਤਾਵੇਜ਼ਾਂ ਦੀ ਰਿਪੋਰਟ ਬਣਾ ਕੇ ਭੇਜੀ ਜਾਵੇਗੀ।