ਲੁਧਿਆਣਾ: ਅੱਜ ਵੀਰਵਾਰ ਨੂੰ ਦੇਸ਼ ਵਿੱਚ ਆਜ਼ਾਦੀ ਦੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਜਿਹਨਾਂ ਨੂੰ 23 ਮਾਰਚ 1931 ਲਾਹੌਰ ਪਾਕਿਸਤਾਨ ਵਿਖੇ ਅੰਗਰੇਜ਼ੀ ਹਕੂਮਤ ਵੱਲੋਂ ਆਜ਼ਾਦੀ ਦੀ ਲੜਾਈ ਲੜ ਰਹੇ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਇਸੇ ਸ਼ਹੀਦੀ ਦਿਨ ਦੇ ਮੱਦੇਨਜ਼ਰ ਅੱਜ ਵੀਰਵਾਰ ਨੂੰ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜਾਂ ਨੇ ਉਨ੍ਹਾਂ ਦੇ ਜੱਦੀ ਘਰ ਲੁਧਿਆਣਾ ਦੇ ਨੌਘਰਾ ਵਿਖੇ ਹਵਨ ਕਰਵਾਇਆ।
ਸੁਖਦੇਵ ਥਾਪਰ ਦੇ ਵੰਸ਼ਜਾਂ ਅੰਦਰ ਮਲਾਲ:ਇਸ ਦੌਰਾਨ ਹੀ ਗੱਲਬਾਤ ਕਰਦਿਆ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜਾਂ ਨੇ ਕਿਹਾ ਕਿ ਅੱਜ ਅਸੀਂ 92ਵਾਂ ਸ਼ਹੀਦੀ ਦਿਵਸ ਸ਼ਹੀਦ ਸੁਖਦੇਵ ਥਾਪਰ ਦੀ ਯਾਦ ਵਿੱਚ ਕਰਵਾ ਰਹੇ ਹਾਂ। ਉਹਨਾਂ ਕਿਹਾ ਕਿ ਸਾਡੇ ਵੱਲੋਂ ਹਰ ਸਾਲ ਉਹਨਾਂ ਦੀ ਯਾਦ ਵਿੱਚ ਹਵਨ ਯੱਗ ਕਰਵਾਇਆ ਜਾਂਦਾ ਹੈ। ਇਸ ਦਿਨ ਬਹੁਤ ਸਾਰੇ ਸਿਆਸੀ ਪਾਰਟੀਆਂ ਦੇ ਨਾਲ ਪ੍ਰਸ਼ਾਸਨਿਕ ਅਫ਼ਸਰ ਵੀ ਸ਼ਹੀਦ ਸੁਖਦੇਵ ਨੂੰ ਆਪਣੀ ਸ਼ਰਧਾਂਜਲੀ ਦੇਣ ਲਈ ਪਹੁੰਚਦੇ ਹਨ। ਪਰ ਉਹਨਾਂ ਦੇ ਵੰਸ਼ਜਾਂ ਵਿਚ ਅੱਜ ਵੀ ਮਲਾਲ ਹੈ ਕਿ ਉਨ੍ਹਾਂ ਨੂੰ ਸ਼ਹੀਦ ਭਗਤ ਸਿੰਘ ਵਾਂਗ ਯਾਦ ਨਹੀਂ ਕੀਤਾ ਜਾਂਦਾ।
ਸ਼ਹੀਦ ਸੁਖਦੇਵ ਥਾਪਰ ਦੇ ਸੂਬਾ ਪੱਧਰੀ ਸਮਾਗਮ ਦੀ ਮੰਗ:ਇਸ ਦੌਰਾਨ ਹੀ ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ਜਾਂ ਨੇ ਆਪਣੀ ਮੰਗ ਰੱਖਦਿਆ ਕਿਹਾ ਕਿ ਉਨ੍ਹਾਂ ਦੇ ਜਨਮ ਸਥਾਨ ਉੱਤੇ ਵੀ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਣਾ ਚਾਹੀਦਾ ਹੈ, ਜਿਸ ਤਰ੍ਹਾਂ ਸ਼ਹੀਦ ਭਗਤ ਸਿੰਘ ਦੇ ਖਟਕੜ ਕਲਾਂ ਨਿਵਾਸ ਨੂੰ ਵਿਸ਼ਵ ਧਰੋਹਰ ਵਜੋਂ ਵਿਕਸਤ ਕੀਤਾ ਗਿਆ ਹੈ। ਉਹਨਾਂ ਮੰਗ ਕੀਤੀ ਕਿ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਦਾ ਵੀ ਸੁੰਦਰੀਕਰਨ ਹੋਣਾ ਚਾਹੀਦਾ ਹੈ। ਇਸ ਮੌਕੇ ਸਮਾਗਮ ਵਿੱਚ ਵਿਸ਼ੇਸ਼ ਦੌਰ ਉੱਤੇ ਭਾਜਪਾ ਦੇ ਸੀਨੀਅਰ ਆਗੂ ਵੀ ਸ਼ਹੀਦ ਸੁਖਦੇਵ ਥਾਪਰ ਦੇ ਘਰ ਨਤਮਸਤਕ ਹੋਏ।