ਲੁਧਿਆਣਾ: ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ (Former Union Minister Harsimrat Kaur Badal) ਨੇ ਉੱਤਰ ਪ੍ਰਦੇਸ਼ ਵਿੱਚ ਪ੍ਰਿਯੰਕਾ ਗਾਂਧੀ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ‘ਚ ਮਹਿਲਾਵਾਂ ਨੂੰ 40 ਫ਼ੀਸਦੀ ਰਾਖਵੀਆਂ ਸੀਟਾਂ ਦੇਣ ਦੇ ਫ਼ੈਸਲੇ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਮਹਿਲਾਵਾਂ ਨੂੰ ਸਿਆਸਤ ਵਿੱਚ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੰਨੀਆਂ ਪੰਜਾਬ ਦੀਆਂ ਮਹਿਲਾਵਾਂ ਸਿਆਸਤ ਵਿੱਚ ਅੱਗੇ ਆਉਣਗੀਆਂ ਪੰਜਾਬ ਦੀ ਉਨੀ ਹੀ ਬਿਹਤਰੀ ਹੋਵੇਗੀ।
ਇਸ ਦੌਰਾਨ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਭਾਜਪਾ ਨਾਲ ਹੱਥ ਮਿਲਾਉਣ ‘ਤੇ ਵੀ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਕੈਪਟਨ ਅਤੇ ਉਨ੍ਹਾਂ ਦੇ ਬੇਟੇ ਨੂੰ ਪਹਿਲਾਂ ਹੀ ਕੇਂਦਰ ਇਨਕਮ ਟੈਕਸ ਅਤੇ ਈ ਡੀ ਤੋਂ ਬਚਾਉਂਦੀ ਆ ਰਹੀ ਹੈ ਅਤੇ ਹੁਣ ਜਦੋਂ ਜੱਗ ਜ਼ਾਹਿਰ ਹੀ ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਪੰਜਾਬ ਦੀ ਕਿਸਾਨੀ ਨੂੰ ਦਾਅ ‘ਤੇ ਲਾ ਦਿੱਤਾ। ਉਨ੍ਹਾਂ ਕਿਹਾ ਕਿ ਸੈਂਕੜੇ ਕਿਸਾਨ ਹੀ ਸਰਹੱਦਾਂ ‘ਤੇ ਬੈਠੇ ਸ਼ਹੀਦ ਹੋ ਗਏ ਪਰ ਕਾਂਗਰਸ ਨੂੰ ਆਪਣੀ ਕੁਰਸੀ ਦੀ ਪਈ ਹੈ।
ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਦਾਇਰਾ ਵਧਾਉਣ ਨੂੰ ਲੈ ਕੇ ਵੀ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਕਸ਼ਮੀਰ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਸਵਾਲ ਚੁੱਕਦੇ ਕਿਹਾ ਕਿ ਜਦੋਂ ਘੱਟ ਦਾਇਰੇ ਦੇ ਵਿੱਚ ਡ੍ਰੋਨ ਨਹੀਂ ਰੁਕੇ ਤਾਂ ਹੁਣ ਦਾਇਰਾ ਵਧਾਉਣ ਨਾਲ ਕੀ ਹੋਵੇਗਾ।