ਲੁਧਿਆਣਾ : ਇਸੇ ਸਾਲ ਨਵੰਬਰ ਦੇ ਮਹੀਨੇ ਸਾਰਾ ਸਿੱਖ ਜਗਤ ਬਾਬਾ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਜਾ ਰਿਹਾ ਹੈ।
ਬਾਬਾ ਨਾਨਕ ਜਿੰਨ੍ਹਾਂ ਨੇ ਦੁਨੀਆਂ ਨੂੰ ਮਨੁੱਖਤਾ ਦਾ ਸੁਨੇਹਾ ਦਿੱਤਾ ਅਤੇ ਸਭ ਨੂੰ ਰਲ-ਮਿਲ ਕੇ ਪਿਆਰ ਨਾਲ ਰਹਿਣ ਲਈ ਕਿਹਾ ਅਤੇ ਵੰਡ ਕੇ ਛੱਕਣ ਦੇ ਨਾਲ-ਨਾਲ ਸੱਚੀ-ਸੁੱਚੀ ਕਿਰਤ ਕਰਨ ਦਾ ਸੁਨੇਹਾ ਦਿੱਤਾ।
ਇਸੇ ਨੂੰ ਲੈ ਕੇ ਕਾਂਗਰਸੀ ਸੰਸਦ ਮੈਂਬਰ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਰੜੇ ਹੱਥੀਂ ਲੈਂਦਿਆ ਕਿਹਾ ਕਿ ਬੀਬੀ ਬਾਦਲ ਤਾਂ ਹਮੇਸ਼ਾਂ ਨਾਕਾਰਾਤਮਕ ਗੱਲਾਂ ਹੀ ਕਰਦੇ ਹਨ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਸੁਲਤਾਨਪੁਰ ਵਿਖੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਸ਼ਾਹ ਆਉਣਗੇ। ਇਸ ਦੌਰਾਨ ਉਹ ਸ਼੍ਰੋਮਣੀ ਕਮੇਟੀ ਵੱਲੋਂ ਸਟੇਜ ਉੱਤੇ ਹੀ ਆਉਣਗੇ।
ਇਸ ਨੂੰ ਲੈ ਕੇ ਰਵਨੀਤ ਬਿੱਟੂ ਨੇ ਕਿਹਾ ਕਿ ਤੁਸੀਂ ਲੋਕ ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵੀ ਸਿਆਸਤ ਕਰ ਰਹੇ ਹੋ, ਲੋਕਾਂ ਨੂੰ ਵੰਡ ਰਹੇ ਹੋ। ਚੰਗਾ ਹੋਵੇਗਾ ਕਿ ਜੇ ਅਸੀਂ ਸਭ ਇਸ ਪ੍ਰਕਾਸ਼ ਦਿਹਾੜੇ ਨੂੰ ਮਿਲ ਕੇ ਮਨਾਈਏ।
ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ ਉੱਤੇ ਮਨਾਉਣ ਲਈ ਪੰਜਾਬ ਸਰਕਾਰ ਵੀ ਕੰਮ ਕਰ ਰਹੀ ਹੈ ਅਤੇ ਸਾਰੀ ਸਿਆਸੀ ਪਾਰਟੀਆਂ ਧਾਰਮਿਕ ਜਥੇਬੰਦੀਆਂ ਨੂੰ ਉੱਪਰ ਉੱਠ ਕੇ ਇਕਜੁੱਟ ਹੋ ਕੇ ਪ੍ਰਕਾਸ਼ ਪੁਰਬ ਵੱਡੇ ਪੱਧਰ ਉੱਤੇ ਮਨਾਉਣ ਲਈ ਵਚਨਬੱਧਤਾ ਜਤਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੀ ਤਾਰੀਖ਼ ਜਾਰੀ, ਪੀਐੱਮ ਮੋਦੀ ਕਰਨਗੇ ਉਦਘਾਟਨ