ਲੁਧਿਆਣਾ:ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਉਸਾਰੀ ਅਧੀਨ ਕੌਮਾਂਤਰੀ ਹਵਾਈ ਅੱਡੇ ਦਾ ਨਾਂਅ ਹੁਣ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ਉੱਤੇ ਰੱਖਿਆ ਜਾਵੇਗਾ। ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਪੰਜਾਬ ਨੇ ਇਸ ਸਬੰਧੀ ਲਿਆਂਦੇ ਮਤੇ ਉੱਤੇ ਮੋਹਰ ਲਗਾ ਦਿੱਤੀ ਹੈ। ਹਾਲਾਂਕਿ, ਏਅਰਪੋਰਟ ਦਾ ਕੰਮ ਫਿਲਹਾਲ ਕਾਫੀ ਹੌਲੀ ਰਫਤਾਰ ਵਿੱਚ ਚੱਲ ਰਿਹਾ ਹੈ, ਪਰ ਇਸ ਦੇ ਨਾਂਅ ਨੂੰ ਲੈ ਕੇ ਹਲਵਾਰਾ ਵਾਸੀਆਂ ਨੇ 2020 ਵਿੱਚ ਹੀ ਮੁਹਿੰਮ ਵਿੱਢ ਦਿੱਤੀ ਸੀ। ਇੱਥੋਂ ਤੱਕ ਕੇ ਨੌਜਵਾਨਾਂ ਨੇ ਇਸ ਮੁਹਿੰਮ ਨੂੰ ਲੈਕੇ ਪਰਚੇ ਵੀ ਹੋਏ ਸਨ, ਪਰ 4 ਸਾਲ ਦੇ ਸੰਘਰਸ਼ ਅਤੇ ਆਪਣੇ ਖੂਨ ਨਾਲ ਲਿਖੇ ਮੰਗ ਪੱਤਰ ਦੇ ਸਦਕਾ ਆਖਿਰਕਾਰ ਉਨ੍ਹਾ ਦੀ ਮੰਗ ਨੂੰ ਬੂਰ ਪਿਆ ਹੈ।
ਕਾਂਗਰਸ ਸਰਕਾਰ ਦੇ ਵੇਲ੍ਹੇ ਤੋਂ ਚੱਲ ਰਿਹਾ ਸੀ ਸੰਘਰਸ਼:ਹੁਣ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ਉੱਤੇ ਹੁਣ ਹਲਵਾਰਾ ਏਅਰਪੋਰਟ ਦਾ ਨਾਂ ਰੱਖਿਆ ਜਾਵੇਗਾ। ਨੌਜਵਾਨ ਆਗੂ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਾਂਗਰਸ ਵੇਲ੍ਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇਸ ਦਾ ਐਲਾਨ ਕੀਤਾ ਸੀ, ਉਸ ਵੇਲ੍ਹੇ ਤੋਂ ਹੀ ਉਹ ਕੌਮਾਂਤਰੀ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦੀ ਮੰਗ ਕਰ ਰਹੇ ਸਨ। ਇਸ ਸਬੰਧੀ ਉਨ੍ਹਾਂ ਵੱਲੋਂ ਹਲਵਾਰਾ ਏਅਰਪੋਰਟ 'ਤੇ ਲੱਗੇ ਬੋਰਡਾਂ ਤੇ ਕਾਲਕ ਲਗਾਈ ਗਈ ਜਿਸ ਕਰਕੇ ਉਨ੍ਹਾਂ ਉੱਤੇ ਪਰਚਾ ਵੀ ਹੋਇਆ। ਕਾਂਗਰਸ ਦੇ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਵੀ ਸੌਂਪੇ ਗਏ ਸੀ।
ਨੌਜਵਾਨਾਂ ਨੇ ਇਹ ਵੀ ਮੰਗ ਕੀਤੀ ਕਿ ਭਗਵੰਤ ਮਾਨ ਬੱਚਿਆਂ ਦੀ ਪੜਾਈ ਦੇ ਸਲੈਬਸ ਵਿੱਚ ਕਰਤਾਰ ਸਿੰਘ ਸਰਾਭਾ ਸਣੇ ਹੋਰ ਵੀ ਸਾਰੇ ਕ੍ਰਾਂਤੀਰਾਰੀਆਂ ਦੇ ਨਾਮ ਸ਼ਾਮਲ ਕਰਨ, ਤਾਂ ਜੋ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਲੱਗ ਸਕੇ।