ਲੁਧਿਆਣਾ: ਸਰਕਾਰ ਵੱਲੋਂ ਜਿੰਮ ਨਾ ਖੋਲ੍ਹਣ ਦੀ ਇਜਾਜ਼ਤ ਮਿਲਣ 'ਤੇ ਜਿੰਮ ਐਸੋਸੀਏਸ਼ਨਾਂ ਦੇ ਬਾਡੀ ਬਿਲਡਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ 'ਚ ਬਾਡੀ ਬਿਲਡਰਾਂ ਨੇ ਗਲੇ 'ਚ ਮੈਡਲ ਪਾ ਕੇ ਹੱਥ 'ਚ ਸ਼ਰਾਬ ਦੀਆਂ ਬੋਤਲਾਂ ਫੜ ਕੇ ਆਪਣਾ ਵਿਰੋਧ ਜ਼ਾਹਿਰ ਕੀਤਾ। ਕੁਝ ਬਾਡੀ ਬਿਲਡਰਾਂ ਨੇ ਸ਼ਰਾਬ ਦਾ ਸੇਵਨ ਕੀਤਾ ਤੇ ਸ਼ਰਾਬ ਦੀਆਂ ਦੀ ਬੋਤਲਾਂ ਨੂੰ ਵੀ ਭੰਨਿਆ।
ਜਿੰਮ ਐਸੋਸੀਏਸ਼ਨ ਦੇ ਪ੍ਰਧਾਨ ਮੋਨੂ ਨੇ ਕਿਹਾ ਕਿ ਅੱਜ ਸਰਕਾਰ ਲਈ ਲੋਕਾਂ ਦੀ ਸਿਹਤ ਨਾਲੋਂ ਜ਼ਿਆਦਾ ਜ਼ਰੂਰੀ ਸ਼ਰਾਬ ਹੋ ਗਈ ਹੈ। ਸਰਕਾਰ ਜਿੰਮ ਨੂੰ ਖੋਲ੍ਹਣ ਦੀ ਇਜ਼ਾਜਤ ਦੇ ਨਹੀਂ ਰਹੀ ਪਰ ਠੇਕਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵੀਕੈਂਡ ਲੌਕਡਾਊਨ 'ਚ ਜਦੋਂ ਸਾਰੀਆਂ ਦੁਕਾਨਾਂ ਬੰਦ ਹੁੰਦੀਆਂ ਹਨ ਉਦੋਂ ਵੀ ਠੇਕੇ ਖੁੱਲ੍ਹੇ ਰਹਿੰਦੇ ਹਨ।
ਮੋਨੂ ਨੇ ਕਿਹਾ ਕਿ ਸਰਕਾਰ ਸਿਰਫ਼ ਆਪਣਾ ਫਾਇਦਾ ਸੋਚ ਰਹੀ ਹੈ। ਸ਼ਰਾਬ ਦੇ ਠੇਕੇ ਦੁਕਾਨਾਂ ਬੰਦ ਹੋਣ ਦੇ ਬਾਵਜੂਦ ਵੀ ਖੁੱਲ੍ਹੇ ਰਹਿੰਦੇ ਹਨ। ਵੀਕੈਂਡ ਲੌਕਡਾਊਨ 'ਚ ਜੇਕਰ ਦੁਕਾਨਦਾਰ ਥੋੜੀ ਦੇਰ ਜ਼ਿਆਦਾ ਦੁਕਾਨ ਨੂੰ ਖੋਲ੍ਹਦੇ ਹਨ ਤਾਂ ਪੁਲਿਸ ਵੱਲੋਂ ਉਨ੍ਹਾਂ ਦੇ ਪਰਚੇ ਕੀਤੇ ਜਾਂਦੇ ਹਨ ਜਦਕਿ ਠੇਕੇ ਰਾਤ ਦੇ 12 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ ਤੇ ਉਨ੍ਹਾਂ ਦੇ ਪਰਚੇ ਨਹੀਂ ਕੀਤੇ ਜਾਂਦੇ।